ਜੰਮੂ: ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਐਲਓਸੀ 'ਤੇ ਲਗਾਤਾਰ ਤੀਜੇ ਦਿਨ ਵੀ ਪਾਕਿਸਤਾਨ ਵੱਲੋਂ ਗੋਲਾਬਾਰੀ ਜਾਰੀ ਹੈ। ਇਸ ਫਾਇਰਿੰਗ ਵਿੱਚ ਫ਼ੌਜ ਦਾ ਇੱਕ ਜਵਾਨ ਵੀ ਸ਼ਹੀਦ ਹੋ ਗਿਆ। ਇਸ ਤੋਂ ਇਲਾਵਾ ਚਾਰ ਲੋਕਾਂ ਦੀ ਮੌਤ ਹੋ ਗਈ। ਫ਼ੌਜ ਦੇ 18 ਜਵਾਨਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਪਿਛਲੇ ਦੋ ਦਿਨਾਂ ਵਿੱਚ ਚਾਰ ਫ਼ੌਜੀਆਂ ਸਣੇ 10 ਲੋਕਾਂ ਦੀ ਮੌਤ ਹੋ ਗਈ ਹੈ।
ਸੀਜ਼ਫਾਇਰ ਤੋੜਣ ਕਾਰਨ ਬਾਰਡਰ ਨਾਲ ਲੱਗੇ ਇਲਾਕਿਆਂ ਦੇ 35 ਹਜ਼ਾਰ ਲੋਕਾਂ ਨੂੰ ਸ਼ਿਫ਼ਟ ਕਰਨਾ ਪਿਆ ਹੈ। ਦਰਅਸਲ ਅਧਿਕਾਰੀਆਂ ਨੇ ਰੈੱਡ ਅਲਰਟ ਜਾਰੀ ਕਰਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਹੈ। ਫਾਇਰਿੰਗ ਬੰਦ ਨਾ ਹੋਣ ਦੇ ਮੱਦੇਨਜ਼ਰ 300 ਤੋਂ ਵੱਧ ਵਿੱਦਿਅਕ ਅਦਾਰੇ ਅਗਲੇ ਤਿੰਨ ਦਿਨਾਂ ਲਈ ਬੰਦ ਕਰ ਦਿੱਤੇ ਗਏ ਹਨ।
ਜੰਮੂ ਵਿੱਚ ਕੌਮਾਂਤਰੀ ਸਰਹੱਦ ਤੇ ਐਲਓਸੀ ਨਾਲ ਲੱਗੇ ਇਲਾਕਿਆਂ 'ਤੇ ਮੋਰਟਾਰ ਨਾਲ ਗੋਲਾਬਾਰੀ ਵਿੱਚ ਦੋ ਨਾਗਰਿਕਾਂ ਤੇ ਚਾਰ ਜਵਾਨਾਂ ਦੀ ਮੌਤ ਹੋ ਗਈ ਜਦਕਿ ਤਿੰਨ ਜਵਾਨਾਂ ਸਣੇ 35 ਹੋਰ ਜ਼ਖਮੀ ਹਨ। ਇੱਕ ਰੱਖਿਆ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨੀ ਫ਼ੌਜ ਨੇ ਬਿਨਾ ਕਿਸੇ ਗੱਲ ਦੇ ਸਵੇਰੇ ਅੱਠ ਵੱਜ ਕੇ 20 ਮਿੰਟ 'ਤੇ ਪੁਣਛ ਵਿੱਚ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਹੜੀ ਹੁਣ ਤੱਕ ਜਾਰੀ ਹੈ।