ਮੁੰਬਈ: ਪਟਨਾ ਸਾਹਿਬ ਤੋਂ ਭਾਜਪਾ ਦੇ ਸੰਸਦ ਮੈਂਬਰ ਸ਼ਤਰੂਘਣ ਸਿਨ੍ਹਾਂ ਨੇ ਟਵੀਟ ਕਰਕੇ ਆਮ ਆਦਮੀ ਪਾਰਟੀ ਤੇ ਇਸ ਦੇ 20 ਵਿਧਾਇਕਾਂ ਦਾ ਸਮਰਥਨ ਕੀਤਾ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, "ਆਪ ਆਏ, ਆਪ ਛਾਏ, ਆਪ ਹੀ ਆਪ ਚਰਚਾ ਕਾ ਵਿਸ਼ਾ, ਘਰ ਘਰ ਮੇਂ, ਹਰ ਖ਼ਬਰ ਮੇਂ, ਤੋ ਫਿਰ ਕਿਸ ਬਾਤ ਕੀ ਫਿਕਰ ਆਪ ਕੋ?"
ਸ਼ਤਰੂਘਣ ਨੇ ਅੱਗੇ ਲਿਖਿਆ ਕਿ ਹਿੱਤਾਂ ਦੀ ਸਿਆਸਤ ਜ਼ਿਆਦਾ ਦਿਨ ਤੱਕ ਨਹੀਂ ਚਲਦੀ, ਚਿੰਤਾ ਨਾ ਕਰੋ, ਖੁਸ਼ ਰਹੋ। ਦੱਸਣਯੋਗ ਹੈ ਕਿ ਸ਼ਤਰੂਘਣ ਪਹਿਲਾਂ ਵੀ ਕਈ ਵਾਰ ਸੋਸ਼ਲ ਮੀਡੀਆ 'ਤੇ ਮੋਦੀ ਸਰਕਾਰ ਖ਼ਿਲਾਫ ਮੋਰਚਾ ਖੋਲ੍ਹ ਚੁੱਕੇ ਹਨ ਤੇ ਉਹ ਬੀਜੇਪੀ ਐਮਪੀ ਹੋਣ ਦੇ ਬਾਵਜੂਦ ਮੋਦੀ ਸਰਕਾਰ ਤੋਂ ਕਾਫੀ ਨਾਰਾਜ਼ ਚਲੇ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਕੇਜਰੀਵਾਲ ਸਰਕਾਰ 'ਤੇ 20 ਵਿਧਾਇਕਾਂ ਨੂੰ ਲਾਭ ਵਾਲਾ ਅਹੁਦਾ ਦੇਣ ਦਾ ਇਲਜ਼ਾਮ ਲੱਗਿਆ ਸੀ। ਚੋਣ ਕਮਿਸ਼ਨ ਨੇ ਇਸ ਮਾਮਲੇ ਨੂੰ ਰਾਸ਼ਟਰਪਤੀ ਕੋਲ ਭੇਜ ਦਿੱਤਾ ਹੈ। ਹੁਣ 20 ਵਿਧਾਇਕਾਂ ਦੀ ਮੈਂਬਰਸ਼ਿਪ ਰੱਖਣ ਜਾਂ ਰੱਦ ਕਰਨ ਬਾਰੇ ਫੈਸਲਾ ਰਾਸ਼ਟਰਪਤੀ ਨੇ ਕਰਨਾ ਹੈ।
ਪਹਿਲਾਂ ਆਮ ਆਦਮੀ ਪਾਰਟੀ ਦੇ 21 ਵਿਧਾਇਕਾਂ 'ਤੇ ਪਿਛਲੇ ਸਾਲ ਤੋਂ ਮੈਂਬਰਸ਼ਿਪ ਰੱਦ ਹੋਣ ਦੀ ਤਲਵਾਰ ਲਟਕ ਰਹੀ ਸੀ ਤੇ ਹੁਣ ਇਹ 20 ਰਹਿ ਗਏ ਸਨ। ਦਿੱਲੀ ਸਰਕਾਰ ਨੇ ਇਨ੍ਹਾਂ ਨੂੰ ਸੰਸਦੀ ਸਕੱਤਰ ਬਣਾਇਆ ਸੀ। ਇਸ ਖਿਲਾਫ ਪਟੀਸ਼ਨ ਦਾਖਲ ਕਰਕੇ ਕਿਹਾ ਗਿਆ ਸੀ ਕਿ ਸੰਸਦੀ ਸਕੱਤਰ ਦਾ ਅਹੁਦਾ ਲਾਭ ਦਾ ਅਹੁਦਾ ਹੈ, ਅਜਿਹੇ 'ਚ ਇੰਨਾਂ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕੀਤੀ ਜਾਣੀ ਚਾਹੀਦੀ ਹੈ।