ਨਵੀਂ ਦਿੱਲੀ: ਦੇਸ਼ ਦੀਆਂ ਸਿਖਰਲੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਵਿੱਚ ਵੀ ਕਾਮਰੇਡੀ ਲਹਿਰ ਚੱਲੀ ਹੈ। ਇੱਥੇ ਦੇਸ਼ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੀ ਵਿਦਿਆਰਥੀ ਪਾਰਟੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੂੰ 'ਲੈਫ਼ਟ ਯੂਨਿਟੀ' ਨੇ ਕਰਾਰੀ ਮਾਤ ਦਿੱਤੀ ਹੈ। ਕੁਝ ਇਹੋ ਜਿਹਾ ਵਰਤਾਰਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵੀ ਵਾਪਰਿਆ ਸੀ, ਜਿੱਥੇ ਕਾਮਰੇਡੀ ਵਿਚਾਰਾਂ ਨਾਲ ਸਬੰਧ ਰੱਖਣ ਵਾਲੀ ਸਟੂਡੈਂਟ ਫਾਰ ਸੁਸਾਇਟੀ ਤੋਂ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਕੁੜੀ ਕਨੂੰਪ੍ਰਿਆ ਪ੍ਰਧਾਨ ਚੁਣੀ ਗਈ।
ਜੇਐਨਯੂ ਵਿੱਚ ਐਨ. ਸਾਈਂ ਬਾਲਾਜੀ ਨੇ ਏਬੀਵੀਪੀ ਦੇ ਉਮੀਦਵਾਰ ਲਲਿਤ ਪਾਂਡੇ ਨੂੰ 2,191 ਵੋਟਾਂ ਦੇ ਫਰਕ ਨਾਲ ਹਰਾ ਕੇ ਵਿਦਿਆਰਥੀ ਪ੍ਰਧਾਨ ਦਾ ਅਹੁਦਾ ਹਾਸਲ ਕੀਤਾ। ਉਪ-ਪ੍ਰਧਾਨ ਦੀ ਚੋਣ ਵੀ 'ਲੈਫ਼ਟ ਯੂਨਿਟੀ' ਨੇ ਹੀ ਜਿੱਤੀ ਹੈ। ਪਾਰਟੀ ਦੀ ਉਮੀਦਵਾਰ ਸਾਰਿਕਾ ਨੇ ਏਬੀਵੀਪੀ ਦੀ ਗੀਤਾਸ਼੍ਰੀ ਨੂੰ 1570 ਵੋਟਾਂ ਨਾਲ ਮਾਤ ਦਿੱਤੀ।
ਇਸੇ ਤਰ੍ਹਾਂ ਜਨਰਲ ਸਕੱਤਰ ਦੇ ਅਹੁਦੇ ਲਈ 'ਲੈਫ਼ਟ ਯੂਨਿਟੀ' ਦੇ ਉਮੀਦਵਾਰ ਏਜਾਜ਼ ਨੂੰ 2,426 ਵੋਟਾਂ ਮਿਲੀਆਂ ਜਦਕਿ ਏਬੀਵੀਪੀ ਦੇ ਉਮੀਦਵਾਰ ਗਣੇਸ਼ ਨੂੰ 1,235 ਵੋਟਾਂ ਪਈਆਂ। ਸੰਯੁਕਤ ਸਕੱਤਰ ਦੇ ਅਹੁਦੇ ਲਈ ਵੀ 'ਲੈਫ਼ਟ ਯੂਨਿਟੀ' ਦੇ ਜੈਦੀਪ ਨੇ 2,047 ਵੋਟਾਂ ਹਾਸਲ ਕੀਤੀਆਂ ਤੇ ਏਬੀਵੀਪੀ ਦੇ ਵੈਂਕਟ ਦੁਬੇ ਨੂੰ 757 ਵੋਟਾਂ ਨਾਲ ਮਾਤ ਦਿੱਤੀ।
ਜਿੱਤ ਤੋਂ ਬਾਅਦ 'ਲੈਫ਼ਟ ਯੂਨਿਟੀ' ਦੀ ਸਾਰਿਕਾ ਨੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਇਹ ਜਿੱਤ ਜੇਐਨਯੂ ਦੀਆਂ ਜਮਹੂਰੀ ਕਦਰਾਂ-ਕੀਮਤਾਂ ਦੀ ਜਿੱਤ ਹੈ। ਯੂਨੀਵਰਸਿਟੀ ਦੇ ਕੁੱਲ 7,650 ਵੋਟਰਾਂ ਵਿੱਚੋਂ 5,185 ਜਣਿਆਂ ਨੇ ਮੱਤਦਾਨ ਕੀਤਾ ਦੇ 'ਲੈਫ਼ਟ ਯੂਨਿਟੀ' ਦੇ ਪੱਖ ਵਿੱਚ ਫ਼ਤਵਾ ਦੇ ਦਿੱਤਾ।
ਇਸ ਵਾਰ ਜੇਐਨਯੂ ਵਿੱਚ ਪ੍ਰਧਾਨ ਦੇ ਅਹੁਦੇ ਲਈ ਕੁੱਲ ਅੱਠ ਉਮੀਦਵਾਰ ਮੈਦਾਨ ਵਿੱਚ ਸਨ, ਜਿਨ੍ਹਾਂ ਵਿੱਚ ਕਾਂਗਰਸ ਦੀ ਵਿਦਿਆਰਥੀ ਪਾਰਟੀ ਕਾਂਗਰਸ ਸਮਰਥਤ ਭਾਰਤੀ ਕੌਮੀ ਵਿਦਿਆਰਥੀ ਸੰਗਠਨ (ਐਨਐਸਯੂਆਈ) ਦਾ ਉਮੀਦਵਾਰ ਵੀ ਸ਼ਾਮਲ ਸੀ। ਪਰ ਖੱਬੇ ਪੱਖੀ ਵਿਦਿਆਰਥੀ ਪਾਰਟੀਆਂ ਆਇਸਾ, ਏਆਈਐਸਐਫ, ਐਸ਼ਐਫਆਈ ਤੇ ਡੀਐਸਐਫ ਨੇ ਗਠਜੋੜ ਕਰ ਕੇ ਕੌਮਾਂਤਰੀ ਅਧਿਐਨ (ਇੰਟਰਨੈਸ਼ਨਲ ਸਟੱਡੀਜ਼) ਦੇ ਵਿਦਿਆਰਥੀ ਐਨ. ਸਾਈਂ ਬਾਲਾਜੀ ਨੂੰ ਪ੍ਰਧਾਨ ਅਹੁਦੇ ਲਈ ਉਮੀਦਵਾਰ ਚੁਣਿਆ ਸੀ।