ਦੇਵਾਸ: ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲ੍ਹੇ 'ਚ ਇੱਕ ਮੁਸਲਿਮ ਔਰਤ ਨੇ ਤਿੰਨ ਤਲਾਕ ਖਿਲਾਫ ਆਵਾਜ਼ ਚੁੱਕਦਿਆਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਖੂਨ ਨਾਲ ਖਤ ਲਿਖ ਕੇ ਇਨਸਾਫ ਦੀ ਮੰਗ ਕੀਤੀ ਹੈ। ਇਸ ਔਰਤ ਦੇ ਪਤੀ ਨੇ ਤਿੰਨ ਵਾਰ ਤਲਾਕ ਦਾ ਨੋਟਿਸ ਭੇਜ ਦੂਸਰਾ ਵਿਆਹ ਕਰਵਾ ਲਿਆ ਹੈ।
ਦੇਵਾਸ ਜ਼ਿਲ੍ਹੇ ਦੇ ਦਤੋਤਰ ਪਿੰਡ ਦੀ ਸ਼ਬਾਨਾ ਨੇ ਦੱਸਿਆ ਕਿ ਉਸ ਦਾ ਵਿਆਹ ਹਾਟਪਿਪਲਿਆ ਦੇ ਰਹਿਣ ਵਾਲੇ ਟੀਪੂ ਨਾਲ 25 ਮਈ, 2011 ਨੂੰ ਮੁਸਲਿਮ ਰੀਤੀ ਰਿਵਾਜਾਂ ਮੁਤਾਬਕ ਹੋਇਆ ਸੀ। ਉਸ ਦੀ 4 ਸਾਲ ਦੀ ਇੱਕ ਧੀ ਵੀ ਹੈ ਪਰ ਇਸ ਦੇ ਪਤੀ ਨੇ ਤਿੰਨ ਵਾਰ ਤਲਾਕ ਦਾ ਨੋਟਿਸ ਭੇਜ ਕੇ 16 ਨਵੰਬਰ, 2016 ਨੂੰ ਦੂਸਰਾ ਵਿਆਹ ਕਰਵਾ ਲਿਆ।
ਸ਼ਬਾਨਾ ਮੁਤਾਬਕ ਉਸ ਨੇ ਖੂਨ ਨਾਲ ਖਤ ਲਿਖਕੇ ਚੀਫ ਜਸਟਿਸ ਨੂੰ ਭੇਜਿਆ ਹੈ। ਇਸ ਖਤ 'ਚ ਉਸ ਨੇ ਲਿਖਿਆ ਹੈ, "ਉਹ ਅਜਿਹੇ ਪਰਸਨਲ ਲਾਅ ਨੂੰ ਨਹੀਂ ਮੰਨਦੀ, ਜਿਸ ਕਾਰਨ ਮੇਰਾ ਤੇ ਮੇਰੀ ਧੀ ਦਾ ਭਵਿੱਖ ਖਰਾਬ ਹੋਵੇ।" ਉਨ੍ਹਾਂ ਦੇਸ਼ ਦੇ ਕਾਨੂੰਨ 'ਚ ਭਰੋਸਾ ਜਤਾਉਂਦੇ ਹੋਏ ਲਿਖਿਆ, "ਟ੍ਰਿਪਲ ਤਲਾਕ ਦੇ ਕਾਨੂੰਨ ਨੂੰ ਰੱਦ ਕੀਤਾ ਜਾਵੇ ਤੇ ਮੈਨੂੰ ਇਨਸਾਫ ਦਵਾਇਆ ਜਾਵੇ।"
ਇਸ ਪੂਰੇ ਮਾਮਲੇ 'ਤੇ ਜਦ ਸ਼ਬਾਨਾ ਦੇ ਪਤੀ ਟੀਪੂ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਖੁਦ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਪੂਰੇ ਪਰਿਵਾਰ ਵੱਲੋਂ ਵਾਰ-ਵਾਰ ਬੁਲਾਉਣ 'ਤੇ ਵੀ ਸ਼ਬਾਨਾ ਸਹੁਰੇ ਨਹੀਂ ਆਈ। ਆਖਰ ਮਜਬੂਰਨ ਉਸ ਨੇ ਤਲਾਕ ਦੇ ਦੂਸਰਾ ਵਿਆਹ ਕਰਵਾਇਆ ਹੈ।