ਨਵੀਂ ਦਿੱਲੀ: ਲੈਫਟੀਨੈਂਟ ਜਨਰਲ (ਸੇਵਾਮੁਕਤ) ਡੀਐੱਸ ਹੁੱਡਾ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਕੌਮੀ ਸੁਰੱਖਿਆ ਬਾਰੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਮਹੀਨਾ ਪਹਿਲਾਂ ਰਾਹੁਲ ਗਾਂਧੀ ਨੇ ਹੁੱਡਾ ਦੀ ਅਗਵਾਈ ਹੇਠ ਟਾਸਕ ਫੋਰਸ ਦਾ ਗਠਨ ਕੀਤਾ ਸੀ ਤੇ ਉਨ੍ਹਾਂ ਨੂੰ ਦੇਸ਼ ਦੀ ਰੱਖਿਆ ਦੇ ਲਿਹਾਜ਼ ਨਾਲ ਦ੍ਰਿਸ਼ਟੀ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ ਸੀ।


ਹੁੱਡਾ ਦੀ ਰਿਪੋਰਟ ਨਾਲ ਕਾਂਗਰਸ ਆਉਂਦੀਆਂ ਲੋਕ ਸਭਾ ਚੋਣਾਂ ਲਈ ਰਣਨੀਤੀ ਉਲੀਕੇਗੀ। ਇਸ ਸਬੰਧੀ ਰਾਹੁਲ ਗਾਂਧੀ ਨੇ ਟਵੀਟ ਕੀਤਾ, ‘‘ਲੈਫਟੀਨੈਂਟ ਜਨਰਲ (ਰਿਟਾਇਰਡ) ਡੀਐੱਸ ਹੁੱਡਾ ਤੇ ਉਨ੍ਹਾਂ ਦੀ ਟੀਮ ਨੇ ਭਾਰਤ ਦੀ ਸੁਰੱਖਿਆ ਸਬੰਧੀ ਇਕ ਰਿਪੋਰਟ ਮੈਨੂੰ ਸੌਂਪੀ ਹੈ। ਸਭ ਤੋਂ ਪਹਿਲਾਂ ਇਸ ਰਿਪੋਰਟ ਬਾਰੇ ਕਾਂਗਰਸ ਪਾਰਟੀ ਦੇ ਆਗੂਆਂ ਨਾਲ ਵਿਚਾਰ ਵਟਾਂਦਰਾ ਤੇ ਬਹਿਸ ਕੀਤੀ ਜਾਵੇਗੀ।’’

ਰਾਹੁਲ ਗਾਂਧੀ ਨੂੰ ਮਿਲਣ ਤੋਂ ਬਾਅਦ ਹੁੱਡਾ ਨੇ ਕਿਹਾ, "ਕਾਂਗਰਸ ਪ੍ਰਧਾਨ ਨੇ ਕੌਮੀ ਸੁਰੱਖਿਆ ਲਈ ਟਾਸਕ ਫੋਰਸ ਦਾ ਗਠਨ ਕੀਤਾ ਸੀ, ਜਿਸ ਦਾ ਮੁਖੀ ਮੈਨੂੰ ਬਣਾਇਆ ਗਿਆ ਸੀ। ਮੈਂ ਕੌਮੀ ਸੁਰੱਖਿਆ ਬਾਰੇ ਦਸਤਾਵੇਜ਼ ਬਣਾਇਆ, ਜੋ ਅੱਜ ਰਾਹੁਲ ਗਾਂਧੀ ਨੂੰ ਸੌਂਪ ਦਿੱਤਾ ਹੈ।" ਜ਼ਿਕਰਯੋਗ ਹੈ ਕਿ ਸਾਲ 2016 ਵਿੱਚ ਉੜੀ ਵਿੱਚ ਹੋਏ ਦਹਿਸ਼ਤੀ ਹਮਲੇ ਦਾ ਬਦਲਾ ਲੈਣ ਲਈ ਭਾਰਤੀ ਫ਼ੌਜ ਵੱਲੋਂ ਮਕਬੂਜ਼ਾ ਕਸ਼ਮੀਰ ਸਥਿਤ ਸੱਤ ਅੱਤਵਾਦੀ ਟਿਕਾਣਿਆਂ ’ਤੇ ਸਰਜੀਕਲ ਸਟ੍ਰਾਈਕ ਲੈਫਟੀਨੈਂਟ ਜਨਰਲ (ਸੇਵਾਮੁਕਤ) ਡੀਐੱਸ ਹੁੱਡਾ ਦੀ ਨਿਗਰਾਨੀ ਵਿੱਚ ਹੀ ਕੀਤੀ ਗਈ ਸੀ।