Liquor Home Delivery: ਸ਼ਰਾਬ ਲੈਣ ਲਈ ਹੁਣ ਠੇਕੇ 'ਤੇ ਜਾਣ ਦੀ ਲੋੜ ਨਹੀਂ ਪਵੇਗੀ। ਘਰ ਬੈਠੇ ਫੋਨ ਘੁੰਮਾਉਣ 'ਤੇ 10 ਮਿੰਟ ਵਿੱਚ ਸ਼ਰਾਬ ਦੀ ਖੇਪ ਪਹੁੰਚ ਜਾਵੇਗੀ। ਔਨਲਾਈਨ ਡਿਲੀਵਰੀ ਪਾਰਟਨਰ ਤੇ ਈ-ਕਾਮਰਸ ਕੰਪਨੀਆਂ Swiggy, Big Basket ਤੇ Zomato ਇਸ ਸੇਵਾਵਾਂ ਸ਼ੁਰੂ ਕਰਨ ਜਾ ਰਹੀਆਂ ਹਨ। ਉਹ ਕੰਪਨੀਆਂ ਜਲਦੀ ਹੀ ਘਰਾਂ ਤੱਕ ਘੱਟ-ਅਲਕੋਹਲ ਵਾਲੇ ਡ੍ਰਿੰਕਸ ਪਹੁੰਚਾਉਣਗੀਆਂ, ਜਿਸ ਵਿੱਚ ਬੀਅਰ, ਵਾਈਨ ਤੇ ਲਿਕਰ ਸ਼ਾਮਲ ਹਨ।
ਇਕਨਾਮਿਕ ਟਾਈਮਜ਼ ਦੀ ਰਿਪੋਰਟ ਅਨੁਸਾਰ, ਅਜਿਹੀ ਡਿਲੀਵਰੀ ਨਵੀਂ ਦਿੱਲੀ, ਕਰਨਾਟਕ, ਹਰਿਆਣਾ, ਪੰਜਾਬ, ਤਾਮਿਲਨਾਡੂ, ਗੋਆ ਤੇ ਕੇਰਲ ਵਿੱਚ ਸ਼ੁਰੂ ਹੋਏਗੀ। ਅਧਿਕਾਰੀ ਇਸ ਨੂੰ ਆਊਟਲੈੱਟ 'ਚ ਮੌਜੂਦ ਸਾਮਾਨ ਦੇ ਹਿੱਸੇ ਵਜੋਂ ਡਿਲੀਵਰ ਕਰਨ 'ਤੇ ਵਿਚਾਰ ਕਰ ਰਹੇ ਹਨ। ਦੱਸ ਦਈਏ ਕਿ ਓਡੀਸ਼ਾ, ਝਾਰਖੰਡ ਤੇ ਪੱਛਮੀ ਬੰਗਾਲ ਵਿੱਚ ਪਹਿਲਾਂ ਹੀ ਆਨਲਾਈਨ ਡਿਲੀਵਰੀ ਪਾਰਟਨਰ ਸ਼ਰਾਬ ਦੀ ਸਪਲਾਈ ਕਰ ਰਹੇ ਹਨ। ਦਿਲਚਸਪ ਹੈ ਕਿ ਇਨ੍ਹਾਂ ਸੂਬਿਆਂ 'ਚ ਸ਼ਰਾਬ ਦੀ ਖਪਤ ਵਿੱਚ 20 ਤੋਂ 30 ਫੀਸਦੀ ਦਾ ਵਾਧਾ ਹੋਇਆ ਹੈ।
ਰਿਪੋਰਟ 'ਚ ਕੰਪਨੀ ਦੇ ਕਾਰਜਕਾਰੀ ਅਧਿਕਾਰੀ ਨੇ ਕਿਹਾ ਹੈ ਕਿ ਮਹਾਨਗਰਾਂ 'ਚ ਇਸ ਤਰ੍ਹਾਂ ਡਿਲੀਵਰੀ ਕਰਨ ਦਾ ਮਕਸਦ ਆਬਾਦੀ ਦੇ ਇੱਕ ਵੱਡੇ ਹਿੱਸੇ ਤੱਕ ਪਹੁੰਚ ਕਰਨਾ ਹੈ। ਇਸ ਦੇ ਨਾਲ ਹੀ ਬਦਲਦੇ ਹੋਏ ਪ੍ਰੋਫਾਈਲ ਨੂੰ ਧਿਆਨ 'ਚ ਰੱਖਦੇ ਹੋਏ ਹੁਣ ਖਾਣ-ਪੀਣ ਦੇ ਨਾਲ-ਨਾਲ ਹੈਵੀ ਅਲਕੋਹਲ ਵੀ ਗਾਹਕਾਂ ਨੂੰ ਮੰਗ ਮੁਤਾਬਕ ਭੇਜੀ ਜਾਵੇਗੀ। ਇਹ ਇਸ ਲਈ ਵੀ ਜ਼ਰੂਰੀ ਹੈ ਕਿ ਔਰਤਾਂ ਤੇ ਬਜ਼ੁਰਗਾਂ ਨੂੰ ਰਵਾਇਤੀ ਸ਼ਰਾਬ ਦੀਆਂ ਦੁਕਾਨਾਂ 'ਤੇ ਮਾੜਾ ਤਜਰਬਾ ਮਿਲਦਾ ਹੈ। ਇਸ ਲਈ ਆਨਲਾਈਨ ਪਾਰਟਨਰ ਉਨ੍ਹਾਂ ਨੂੰ ਸੇਵਾਵਾਂ ਉਪਲਬਧ ਕਰਵਾਉਣਗੇ।
ਸਵਿੱਗੀ ਦੇ ਕਾਰਪੋਰੇਟ ਅਫੇਅਰਜ਼ ਦੇ ਉਪ ਪ੍ਰਧਾਨ ਦਿਨਕਰ ਵਸ਼ਿਸ਼ਟ ਨੇ ਰਿਪੋਰਟ ਵਿੱਚ ਕਿਹਾ ਹੈ ਕਿ ਇਸ ਤਰ੍ਹਾਂ ਆਨਲਾਈਨ ਮਾਡਲ ਲੈਣ-ਦੇਣ ਦਾ ਰਿਕਾਰਡ ਦਰਜ ਕਰੇਗਾ। ਇਸ ਦੇ ਨਾਲ ਹੀ ਉਮਰ ਦੀ ਪੁਸ਼ਟੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਔਨਲਾਈਨ ਟੈਕ ਕੰਟਰੋਲਰ ਤੇ ਐਕਸਾਈਜ਼ ਲੋੜਾਂ ਦੇ ਨਾਲ ਹੀ ਸਮੇਂ ਦਾ ਧਿਆਨ ਵੀ ਰੱਖਿਆ ਜਾਏਗਾ ਕਿ ਡਿਲੀਵਰੀ ਡਰਾਈ ਡੇਅ ਤੇ ਜ਼ੋਨਲ ਡਿਲੀਵਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੋਵੇ।
ਦੱਸ ਦਈਏ ਕਿ ਕੋਵਿਡ-19 ਦੌਰਾਨ ਲੌਕਡਾਊਨ ਦੌਰਾਨ ਮਹਾਰਾਸ਼ਟਰ, ਝਾਰਖੰਡ, ਛੱਤੀਸਗੜ੍ਹ ਤੇ ਅਸਾਮ ਵਿੱਚ ਸ਼ਰਾਬ ਦੀ ਡਿਲਿਵਰੀ ਦੀ ਇਜਾਜ਼ਤ ਦਿੱਤੀ ਗਈ ਸੀ, ਪਰ ਇਸ ਉਪਰ ਕੁਝ ਪਾਬੰਦੀਆਂ ਵੀ ਸਨ। ਰਿਪੋਰਟ ਮੁਤਾਬਕ ਰਿਟੇਲ ਇੰਡਸਟਰੀ ਐਗਜ਼ੀਕਿਊਟਿਵ ਨੇ ਕਿਹਾ ਕਿ ਪੱਛਮੀ ਬੰਗਾਲ ਤੇ ਓਡੀਸ਼ਾ 'ਚ ਆਨਲਾਈਨ ਡਿਲੀਵਰੀ ਪਲੇਟਫਾਰਮਸ ਨੇ 20 ਤੋਂ 30 ਫੀਸਦੀ ਤੱਕ ਵੌਲਯੂਮ ਵਧਾਇਆ ਹੈ।
ਬੀਅਰ ਕੈਫੇ ਦੇ ਚੀਫ ਐਗਜ਼ੀਕਿਊਟਿਵ ਰਾਹੁਲ ਸਿੰਘ ਨੇ ਦ ਇਕਨਾਮਿਕ ਟਾਈਮਜ਼ ਨਾਲ ਗੱਲ ਕਰਦੇ ਹੋਏ ਕਿਹਾ ਕਿ ਸ਼ਰਾਬ ਦੀ ਆਨਲਾਈਨ ਹੋਮ ਡਿਲੀਵਰੀ ਦੀ ਇਜਾਜ਼ਤ ਦੇਣਾ ਰਾਜਾਂ ਭਰ ਦੇ ਗਾਹਕਾਂ ਨੂੰ ਸਹੂਲਤ ਪ੍ਰਦਾਨ ਕਰਨਾ, ਜ਼ਿੰਮੇਵਾਰ ਤੇ ਰੈਗੂਲੇਟਰੀ ਹੋਣ ਦੇ ਨਾਲ ਆਰਥਿਕ ਵਿਕਾਸ ਤੇ ਗਲੋਬਲ ਰੁਝਾਨਾਂ ਦੇ ਅਨੁਸਾਰ ਸ਼ਰਾਬ ਵੰਡੀ ਜਾ ਸਕਦੀ ਹੈ।