ਚੰਡੀਗੜ੍ਹ: ਵਿੱਤੀ ਵਰ੍ਹੇ 2018-19 ਦੇ ਖ਼ਤਮ ਹੁੰਦਿਆਂ ਹੀ ਪੰਜਾਬ ਵਿੱਚ ਸ਼ਰਾਬ ਦੇ ਠੇਕੇਦਾਰ ਦੇਸੀ ਸ਼ਰਾਬ ’ਤੇ ਭਾਰੀ ਛੋਟ ਦੇ ਰਹੇ ਹਨ। ਜੋ ਦੇਸੀ ਸ਼ਰਾਬ ਦੀ ਬੋਤਲ ਪਹਿਲਾਂ 250 ਰੁਪਏ ਵਿੱਚ ਮਿਲਦੀ ਸੀ, ਉਹੀ ਬੋਤਲ ਹੁਣ 150 ਵਿੱਚ ਵੇਚੀ ਜਾ ਰਹੀ ਹੈ। ਯਾਨੀ ਹਰ ਸ਼ਰਾਬ ਦੀ ਬੋਤਲ ’ਤੇ 40 ਫੀਸਦੀ ਛੋਟ ਦਿੱਤੀ ਜਾ ਰਹੀ ਹੈ।

ਦਰਅਸਲ ਸ਼ਰਾਬ ਵਿਕ੍ਰੇਤਾ ਪੁਰਾਣਾ ਸਟਾਕ ਖ਼ਤਮ ਕਰਨ ਦੀ ਕੋਸ਼ਿਸ਼ ਵਿੱਚ ਇੰਨੀ ਛੋਟ ਦੇ ਰਹੇ ਹਨ। ਸ਼ਰਾਬ ਵੇਚਣ ਵਾਲੇ ਠੇਕੇਦਾਰ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਗਲੇ ਵਿੱਤੀ ਵਰ੍ਹੇ ਲਈ ਉਨ੍ਹਾਂ ਨੂੰ ਨਵੇਂ ਠੇਕੇ ਮਿਲ ਜਾਣਗੇ, ਇਸ ਲਈ ਉਹ ਪੁਰਾਣਾ ਸਟਾਕ ਖ਼ਤਮ ਕਰਨ ਲਈ ਸਸਤੀ ਸ਼ਰਾਬ ਵੇਚ ਰਹੇ ਹਨ। ਉਨ੍ਹਾਂ ਦੱਸਿਆ ਕਿ 27 ਮਾਰਚ ਨੂੰ ਭਾਰਤੀ ਵਿਦੇਸ਼ੀ ਸ਼ਰਾਬ (ਆਈਐਮਐਫਐਲ) ਦੀ ਕੀਮਤ ਵੀ ਘਟਾ ਦਿੱਤੀ ਜਾਵੇਗੀ।

ਇੱਕ ਹੋਰ ਠੇਕੇਦਾਰ ਦਾ ਕਹਿਣਾ ਹੈ ਕਿ ਹਰਿਆਣੇ ਤੋਂ ਦੇਸੀ ਸ਼ਰਾਬ ਦੀ ਤਸਕਰੀ ਨਾਲ ਉਨ੍ਹਾਂ ਦਾ ਕਾਰੋਬਾਰ ਕਾਫੀ ਪ੍ਰਭਾਵਿਤ ਹੋਇਆ ਹੈ। ਕਿੰਨੇ ਹੀ ਲੋਕ ਰੋਜ਼ਾਨਾ ਸ਼ਰਾਬ ਦੀ ਤਸਕਰੀ ਕਰਦੇ ਫੜੇ ਜਾਂਦੇ ਹਨ, ਪਰ ਇਸ ਗ਼ੈਰ-ਕਾਨੂੰਨੀ ਵਪਾਰ ਵਿੱਚ ਸ਼ਾਮਲ ਲੋਕ ਰਾਹਤ ਲਈ ਤਿਆਰ ਨਹੀਂ। ਇਸੇ ਲਈ ਉਨ੍ਹਾਂ ਕੋਲ ਸ਼ਰਾਬ ਦੀ ਕੀਮਤ ਘਟਾਉਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ। ਉਨ੍ਹਾਂ ਕਿਹਾ ਕਿ ਜੇ ਅਗਲੇ ਤਿੰਨ-ਚਾਰ ਦਿਨਾਂ ਵਿੱਚ ਸਟਾਕ ਖਾਲੀ ਨਾ ਹੋਇਆ ਤਾਂ ਉਨ੍ਹਾਂ ਨੂੰ ਮਜਬੂਰਨ ਸ਼ਰਾਬ ’ਤੇ ਹੋਰ ਛੋਟ ਦੇਣਾ ਪਏਗੀ।