ਨਵੀਂ ਦਿੱਲੀ: ਬਾਲੀਵੁੱਡ ‘ਚ ਰਾਜਨੀਤਕ ਫ਼ਿਲਮਾਂ ਬਣਨ ਦਾ ਟ੍ਰੈਂਡ ਚੱਲ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀਆਂ ਦੀ ਜ਼ਿੰਦਗੀ ‘ਤੇ ਬਣਨ ਵਾਲੀਆਂ ਫ਼ਿਲਮਾਂ ‘ਚ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਰਹਿ ਚੁੱਕੇ ਲਾਲ ਬਹਾਦੁਰ ਸ਼ਾਸ਼ਤਰੀ ਦੀ ਭੇਤਭਰੇ ਹਾਲਾਤ ‘ਚ ਹੋਈ ਮੌਤ ‘ਤੇ ਫ਼ਿਲਮ ਬਣਾਈ ਗਈ ਹੈ। ਇਸ ਦਾ ਨਾਂ ‘ਦ ਤਾਸ਼ਕੰਦ ਫਾਈਲਜ਼’ ਹੈ ਜੋ ਸਾਬਕਾ ਪੀਐਮ ਦੀ ਮੌਤ ‘ਤੇ ਕਈ ਸਵਾਲ ਚੁੱਕਦੀ ਹੈ।



ਫ਼ਿਲਮ ਦਾ ਟ੍ਰੇਲਰ ਹਾਲ ਹੀ ‘ਚ ਰਿਲੀਜ਼ ਕੀਤਾ ਗਿਆ ਹੈ ਜਿਸ ‘ਚ ਉਨ੍ਹਾਂ ਦੀ ਮੌਤ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਇਸ ਦੇ ਨਾਲ ਹੀ ਸਵਾਲ ਚੁੱਕਿਆ ਹੈ ਕਿ ਕਿਵੇਂ ਕਈ ਵਾਰ ਰਾਜਨੀਤਕ ਪਾਰਟੀਆਂ ਅਜਿਹੇ ਮਾਮਲਿਆਂ ਦਾ ਫਾਇਦਾ ਆਪਣੀ ਰਾਜਨੀਤਕ ਮਨਸ਼ਾ ਨੂੰ ਪੂਰਾ ਕਰਨ ਲਈ ਚੁੱਕਦੇ ਹਨ। ਦੋ ਮਿੰਟ 43 ਸੈਕਿੰਡ ਦੇ ਟ੍ਰੇਲਰ ‘ਚ ਹੋਰ ਵੀ ਕਈ ਪਹਿਲੂਆਂ ਨੂੰ ਦਿਖਾਇਆ ਗਿਆ ਹੈ।

ਫ਼ਿਲਮ ਦੇ ਟ੍ਰੇਲਰ ‘ਚ ਸਾਰੇ ਕਲਾਕਾਰ ਸ਼ੁਰੂ ਤੋਂ ਲੈ ਕੇ ਆਖਰ ਤਕ ਇੱਕ ਹੀ ਸਵਾਲ ਕਰਦੇ ਨਜ਼ਰ ਆ ਰਹੇ ਹਨ ਕਿ ਆਖਰ ਉਨ੍ਹਾਂ ਦੀ ਮੌਤ ਕਿਵੇਂ ਹੋਈ? ਟ੍ਰੇਲਰ ‘ਚ ਦਿਖਾਏ ਸੀਨ ਤੇ ਡਾਇਲੌਗ ਕਾਫੀ ਦਮਦਾਰ ਹਨ, ਜੋ ਮੌਤ ਨਾਲ ਜੁੜੇ ਕਈ ਸਵਾਲ ਜ਼ਿਹਨ ‘ਚ ਖੜ੍ਹੇ ਕਰਦੇ ਹਨ। ਉਸ ਦੌਰਾਨ ਦੀ ਕੁਝ ਅਸਲ ਫੁਟੇਜ ਨੂੰ ਵੀ ਸ਼ਾਮਲ ਕੀਤਾ ਗਿਆ ਹੈ।



‘ਦ ਤਾਸ਼ਕੰਦ ਫਾਈਲਜ਼’ ਦੀ ਸਟਾਰ ਕਾਸਟ ਵੀ ਕਾਫੀ ਦਮਦਾਰ ਹੈ। ਇਸ ‘ਚ ਨਸੀਰੂਦੀਨ ਸ਼ਾਹ, ਮਿਥੁਨ ਚੱਕਰਵਰਤੀ, ਪੰਕਜ ਤ੍ਰਿਪਾਠੀ, ਸ਼ਵੇਤਾ ਬਸੂ ਪ੍ਰਸਾਦ, ਮੰਦਿਰਾ ਬੇਦੀ ਪੱਲਵੀ ਜੋਸ਼ੀ ਜਿਹੇ ਕਲਾਕਾਰ ਨਜ਼ਰ ਆਉਣਗੇ। ਫ਼ਿਲਮ 12 ਅਪ੍ਰੈਲ ਨੂੰ ਰਿਲੀਜ਼ ਹੈ ਜਿਸ ਨੂੰ ਵਿਵੇਕ ਅਗਨੀਹੋਤਰੀ ਨੇ ਡਾਇਰੈਕਟ ਕੀਤਾ ਹੈ।