ਨਵੀਂ ਦਿੱਲ: 2019 ਲੋਕ ਸਭਾ ਚੋਣਾਂ ਤੋਂ ਪਹਿਲਾਂ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਤੇ ਸ਼ਿਵ ਸੈਨਾ ਮਗਰੋਂ ਹੁਣ ਲੋਕ ਜਨਸ਼ਕਤੀ ਪਾਰਟੀ (ਐਲਜੇਪੀ) ਨੇ ਆਪਣੇ ਮੁੱਦਿਆਂ ਨੂੰ ਮਨਵਾਉਣ ਲਈ ਮੋਦੀ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਉਨ੍ਹਾਂ ਦੀ ਇੱਕ ਨਹੀਂ ਸੁਣ ਰਹੀ। ਟੀਡੀਪੀ ਨੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦੀ ਦਰਜਾ ਦਿੱਤੇ ਜਾਣ ਦੀ ਮੰਗ ਕਰਦਿਆਂ ਮੋਦੀ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਖਿੱਚ ਲਿਆ ਹੈ। ਉੱਧਰ ਸਰਕਾਰ ਵਿੱਚ ਰਹਿਣ ਦੇ ਬਾਵਜੂਦ ਸ਼ਿਵ ਸੈਨਾ ਲਗਾਤਾਰ ਪ੍ਰਧਾਨ ਮੰਤਰੀ ’ਤੇ ਨਿਸ਼ਾਨੇ ਸਾਧ ਰਹੀ ਹੈ।

ਮੋਦੀ ਸਰਕਾਰ ਵਿੱਚ ਮੰਤਰੀ ਰਾਮਵਿਲਾਸ ਪਾਸਵਾਨ ਦੀ ਪਾਰਟੀ ਐਲਜੇਪੀ SC/ST ਕਾਨੂੰਨ ਨੂੰ ਪੁਰਾਣੇ ਪ੍ਰਬੰਧਾਂ ਤਹਿਤ ਲਾਗੂ ਕਰਨ ਦੀ ਮੰਗ ਕਰ ਰਹੀ ਹੈ। ਪਾਰਟੀ ਦਾ ਕਹਿਣਾ ਹੈ ਕਿ ਸਰਕਾਰ ਸੁਪਰੀਮ ਕੋਰਟ ਦੇ ਫੈਸਲੇ ਨੂੰ ਪਲਟ ਕੇ 7 ਅਗਸਤ ਨੂੰ ਆਰਡੀਨੈਂਸ ਲਾਗੂ ਕਰੇ। ਜੇ ਅਜਿਹਾ ਨਹੀਂ ਹੋਇਆ ਤਾਂ 9 ਅਗਸਤ ਨੂੰ ਅੰਦੋਲਨ ਛੇੜਿਆ ਜਾਏਗਾ ਤੇ 2 ਅਪਰੈਲ ਨੂੰ ਹੋਏ ਅੰਦੋਲਨ ਵਰਗੀ ਸਥਿਤੀ ਬਣ ਸਕਦੀ ਹੈ ਜਿਸ ਵਿੱਚ ਦਲਿਤ ਅੰਦੋਲਨ ਦੌਰਾਨ ਹਿੰਸਾ ਹੋਈ ਸੀ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਇਸ ਵਾਰ ਦਾ ਅੰਦੋਲਨ ਹੋਰ ਵੀ ਜ਼ਿਆਦਾ ਹਿੰਸਕ ਹੋ ਸਕਦਾ ਹੈ।

ਚਿਰਾਗ ਨੇ ਕਿਹਾ ਕਿ ਉਨ੍ਹਾਂ ਦਾ ਕੋਸ਼ਿਸ਼ ਰਹੇਗੀ ਕਿ ਸਰਕਾਰ ਦੇ ਨਾਲ ਰਹਿ ਕੇ ਉਹ ਆਪਣੀ ਗੱਲ ਮਨਵਾਉਣ। ਉਹ ਟੀਡੀਪੀ ਵਰਗਾ ਕੋਈ ਕਦਮ ਨਹੀਂ ਚੁੱਕਣਗੇ। ਉਨ੍ਹਾਂ ਕਿਹਾ ਕਿ ਸਰਕਾਰ ਸਾਡੀ SC/ST ਕਾਨੂੰਨ ’ਤੇ ਗੱਲ ਨਹੀਂ ਸੁਣ ਰਹੀ। ਜੇ ਅਜਿਹਾ ਹੁੰਦਾ ਤਾਂ ਅਪਰੈਲ ਤੋਂ ਹੁਣ ਤਕ ਫੈਸਲਾ ਹੋ ਗਿਆ ਹੁੰਦਾ ਪਰ ਸਾਨੂੰ ਸਾਡੇ ਪ੍ਰਧਾਨ ਮੰਤਰੀ ’ਤੇ ਭਰੋਸਾ ਹੈ।

ਉਨ੍ਹਾਂ ਕਿਹਾ ਕਿ SC/ST ਕਾਨੂੰਨ ’ਤੇ ਕਿਤੇ ਨਾ ਕਿਤੇ ਦੇਰ ਹੋਈ ਹੈ, ਜਿਸ ਨਾਲ ਗ਼ਲਤ ਸੰਦੇਸ਼ ਗਿਆ ਹੈ। ਇਸ ਦੇਰ ਨਾਲ ਦਲਿਤ ਸੇਨਾ ਦੇ ਸਬਰ ਦਾ ਬੰਨ੍ਹ ਵੀ ਟੱਟ ਗਿਆ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਅੰਦੋਲਨ ਛੇੜਨ ਦੀ ਨੌਬਤ ਨਹੀਂ ਆਏਗੀ ਤੇ ਪੀਐਮ ਇਸ ਮੁੱਦੇ ’ਤੇ ਕੁਝ ਸਕਾਰਾਤਮਕ ਕਦਮ ਚੁੱਕਣਗੇ।