ਨਵੀਂ ਦਿੱਲੀ: ਦਿੱਲੀ 'ਚ ਲੌਕਡਾਊਨ ਇਕ ਹਫਤੇ ਲਈ ਵਾਧ ਦਿੱਤਾ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਦੱਸਿਆ ਕਿ 17 ਮਈ ਦੀ ਸਵੇਰ ਤਕ ਲੌਕਡਾਊਨ ਲਾਗੂ ਰਹੇਗਾ ਤੇ ਇਸ ਵਾਰ ਇਸ 'ਚ ਹੋਰ ਜ਼ਿਆਦਾ ਸਖਤੀ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਗਲੇ ਇਕ ਹਫਤੇ ਤਕ ਮੈਟਰੋ ਸੇਵਾਵਾਂ ਵੀ ਬੰਦ ਰਹਿਣਗੀਆਂ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਕੇਸ ਘੱਟ ਹੋਏ ਹਨ ਪਰ ਅਜੇ ਤਕ ਢਿੱਲ ਨਹੀਂ ਵਰਤੀ ਜਾ ਸਕਦੀ। 


ਦਿੱਲੀ 'ਚ ਆਕਸੀਜਨ ਦੀ ਸਥਿਤੀ ਹੁਣ ਸੰਭਲ ਗਈ


ਕੇਜਰੀਵਾਲ ਨੇ ਕਿਹਾ- ਦਿੱਲੀ 'ਚ ਸਭ ਤੋਂ ਵੱਡੀ ਦਿੱਕਤ ਆਕਸੀਜਨ 'ਚ ਆਈ ਸੀ। ਆਮ ਦਿਨਾਂ 'ਚ ਜਿੰਨੀ ਆਕਸੀਜਨ ਦੀ ਲੋੜ ਪੈਂਦੀ ਹੈ। ਉਸ ਤੋਂ ਕਈ ਗੁਣਾਂ ਜ਼ਿਆਦਾ ਆਕਸੀਜਨ ਦੀ ਲੋੜ ਪੈਣ ਲੱਗੀ। ਹਾਈਕੋਰਟ, ਸੁਪਰੀਮ ਕੋਰਟ ਦੇ ਹੁਕਮਾਂ 'ਤੇ ਕੇਂਦਰ ਦੇ ਸਹਿਯੋਗ ਨਾਲ ਦਿੱਲੀ ਦੀ ਆਕਸੀਜਨ ਦੀ ਸਥਿਤੀ ਸੰਭਲੀ ਹੈ। ਪਹਿਲਾਂ ਅਜਿਹੀਆਂ ਗੱਲਾਂ ਸੁਣਨ ਨੂੰ ਮਿਲਦੀ ਸੀ ਕਿ ਇਸ ਹਸਪਤਾਲ ਚ 2 ਘੰਟੇ ਦੀ ਆਕਸੀਜਨ ਬਚੀ, ਉਸ ਹਸਪਤਾਲ 'ਚ ਤਿੰਨ ਦੀ, ਹੁਣ ਇਹ ਸਥਿਤੀ ਨਹੀਂ ਹੈ।


ਕੇਜਰੀਵਾਲ ਬੋਲੇ- ਮਜਬੂਰੀ 'ਚ ਲਿਆ ਲੌਕਡਾਊਨ ਦਾ ਫੈਸਲਾ


ਉਨ੍ਹਾਂ ਕਿਹਾ- ਵੈਕਸੀਨੇਸ਼ਨ ਵੀ ਬਹੁਤ ਤੇਜ਼ੀ ਨਾਲ ਚੱਲੀ ਹੈ। ਵੈਕਸੀਨ ਦੇ ਸਟਾਕ ਦੀ ਕਮੀ ਹੈ। ਕੇਂਦਰ ਤੋਂ ਸਹਿਯੋਗ ਮੰਗਿਆ ਹੈ ਅਤੇ ਉਮੀਦ ਹੈ ਮਦਦ ਮਿਲੇਗੀ। ਅਸੀਂ ਮਾਹਰਾਂ, ਲੋਕਾਂ ਅਤੇ ਸਰਕਾਰ ਦਰਮਿਆਨ ਚਰਚਾ ਕੀਤੀ ਹੈ। ਲਾਕਡਾਊਨ ਬਾਰੇ ਵੀ ਚਰਚਾ ਕੀਤੀ ਗਈ। ਕੋਰੋਨਾ ਦੇ ਕੇਸ ਘੱਟ ਹੋ ਰਹੇ ਹਨ, ਪਰ ਲਾਗ ਦੀ ਦਰ 23 ਫ਼ੀਸਦ ਹੀ ਹੈ। ਅਜਿਹੇ ਵਿੱਚ ਸਖ਼ਤੀ ਘਟਾਈ ਨਹੀਂ ਜਾ ਸਕਦੀ।


ਉਨ੍ਹਾਂ ਕਿਹਾ ਕਿ ਤਾਲਾਬੰਦੀ ਨੂੰ ਵਧਾਉਣ ਦੀ ਲੋੜ ਹੈ। ਜਾਨ ਹੈ ਤਾਂ ਜਹਾਨ ਹੈ। ਜ਼ਿੰਦਗੀ ਬਚੀ ਰਹੇਗੀ ਤਾਂ ਅੱਗੇ ਬਹੁਤ ਕੁਝ ਕੀਤਾ ਜਾ ਸਕੇਗਾ। ਮਜਬੂਰੀਵੱਸ ਲਾਕਡਾਊਨ ਨੂੰ ਇੱਕ ਹਫ਼ਤੇ ਲਈ ਹੋਰ ਵਧਾਇਆ ਹੈ। ਅਗਲੇ ਸੋਮਵਾਰ 7 ਵਜੇ ਤੱਕ ਤਾਲਾਬੰਦੀ ਰਹੇਗੀ।