ਨਵੀਂ ਦਿੱਲੀ: ਲੋਕ ਸਭਾ 'ਚ ਵਿਜ਼ਟਰ ਗੈਲਰੀ 'ਚ ਇੱਕ ਵਿਅਕਤੀ ਨੇ ਛਾਲ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਉਹ ਅਜਿਹਾ ਕਰ ਪਾਉਂਦਾ ਸੁਰੱਖਿਆ ਬਲਾਂ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ। ਹਿਰਾਸਤ ਵਿੱਚ ਲਏ ਗਏ ਵਿਅਕਤੀ ਦੀ ਪਛਾਣ ਰਾਕੇਸ਼ ਸਿੰਘ ਬਘੇਲ ਵਜੋਂ ਹੋਈ ਹੈ।


ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਜਿਵੇਂ ਹੀ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਸਪੀਕਰ ਨੇ ਲੋਕ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਇਸ ਦੌਰਾਨ 11.20 ਵਜੇ ਵਿਜ਼ਟਰ ਗੈਲਰੀ 'ਚ ਬੈਠੇ ਰਾਕੇਸ਼ ਸਿੰਘ ਬਘੇਲ ਨੇ ਆਪਣਾ ਪੈਰ ਰੇਲਿੰਗ ਦੇ ਥੱਲੇ ਲਟਕਾ ਦਿੱਤਾ। ਉਸ ਸਮੇਂ ਲੋਕ ਸਭਾ ਵਿੱਚ ਮੁਲਾਇਮ ਸਿੰਘ, ਵਿੱਤ ਮੰਤਰੀ ਅਰੁਣ ਜੇਤਲੀ ਵਰਗੇ ਆਗੂ ਮੌਜੂਦ ਸਨ।

ਇਸ ਤੋਂ ਪਹਿਲਾਂ ਰਾਕੇਸ਼ ਛਾਲ ਮਾਰਦਾ ਉਸ ਨੂੰ ਟੀ.ਐਮ.ਸੀ. ਦੇ ਸੰਸਦ ਮੈਂਬਰ ਨੇ ਦੇਖ ਲਿਆ ਤੇ ਸੁਰੱਖਿਆ ਬਲਾਂ ਨੂੰ ਆਵਾਜ਼ ਲਾਈ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ। ਮਿਲੀ ਜਾਣਕਾਰੀ ਅਨੁਸਾਰ ਰਾਕੇਸ਼ ਸਿੰਘ ਹਾਊਸ ਦੀ ਕਾਰਵਾਈ ਨਾ ਚੱਲਣ ਕਾਰਨ ਪ੍ਰੇਸ਼ਾਨ ਸੀ। ਮਿਲੀ ਜਾਣਕਾਰੀ ਅਨੁਸਾਰ ਰਾਕੇਸ਼ ਸਿੰਘ ਬਘੇਲ ਜਿਸ ਪਾਸ ਰਾਹੀਂ ਵਿਜ਼ਟਰ ਗੈਲਰੀ ਵਿੱਚ ਪਹੁੰਚਿਆ ਸੀ, ਉਸ ਉੱਤੇ ਬੁਲੰਦਸ਼ਹਿਰ ਦੇ ਸਾਂਸਦ ਭੋਲਾ ਸਿੰਘ ਦੇ ਹਸਤਾਖ਼ਰ ਸਨ।