Lok Sabha By-Elections: ਚੋਣ ਕਮਿਸ਼ਨ ਨੇ ਤਿੰਨ ਲੋਕ ਸਭਾ ਅਤੇ ਸੱਤ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਵੋਟਾਂ 23 ਜੂਨ ਨੂੰ ਪੈਣਗੀਆਂ। ਵੋਟਾਂ ਦੀ ਗਿਣਤੀ 26 ਜੂਨ ਨੂੰ ਹੋਵੇਗੀ। ਚੋਣ ਕਮਿਸ਼ਨ ਨੇ ਪੰਜਾਬ ਵਿੱਚ ਸੰਗਰੂਰ, ਉੱਤਰ ਪ੍ਰਦੇਸ਼ ਵਿੱਚ ਰਾਮਪੁਰ ਅਤੇ ਆਜ਼ਮਗੜ੍ਹ ਲੋਕ ਸਭਾ ਸੀਟਾਂ ਲਈ ਉਪ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਸੰਗਰੂਰ ਸੀਟ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਖਾਲੀ ਹੋਈ ਸੀ।






ਇਸ ਦੇ ਨਾਲ ਹੀ ਆਜ਼ਮ ਖ਼ਾਨ ਦੇ ਲੋਕ ਸਭਾ ਮੈਂਬਰੀ ਤੋਂ ਅਸਤੀਫਾ ਦੇਣ ਤੋਂ ਬਾਅਦ ਰਾਮਪੁਰ ਸੀਟ ਖਾਲੀ ਹੋ ਗਈ ਸੀ। ਅਖਿਲੇਸ਼ ਯਾਦਵ ਆਜ਼ਮਗੜ੍ਹ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਉਨ੍ਹਾਂ ਨੇ ਵਿਧਾਨ ਸਭਾ ਚੋਣਾਂ 'ਚ ਜਿੱਤ ਤੋਂ ਬਾਅਦ ਸੰਸਦ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ।


ਤ੍ਰਿਪੁਰਾ ਦੀ ਅਗਰਤਲਾ, ਟਾਊਨ ਬੋਰਦੋਵਾਲੀ, ਸੁਰਮਾ ਅਤੇ ਜੁਬਰਾਜਨਗਰ ਵਿਧਾਨ ਸਭਾ ਸੀਟਾਂ ਲਈ 23 ਜੂਨ ਨੂੰ ਵੋਟਿੰਗ ਹੋਵੇਗੀ। ਇਸ ਤੋਂ ਇਲਾਵਾ ਦਿੱਲੀ ਦੇ ਰਾਜੇਂਦਰ ਨਗਰ, ਝਾਰਖੰਡ ਦੀ ਮੰਡੀਰੀ ਅਤੇ ਆਂਧਰਾ ਪ੍ਰਦੇਸ਼ ਦੀ ਆਤਮਕੁਰ ਵਿਧਾਨ ਸਭਾ ਲਈ ਵੀ ਵੋਟਾਂ ਪੈਣਗੀਆਂ। ਰਾਜੇਂਦਰ ਨਗਰ ਸੀਟ ਰਾਘਵ ਚੱਢਾ ਦੇ ਅਸਤੀਫੇ ਤੋਂ ਬਾਅਦ ਖਾਲੀ ਹੋ ਗਈ ਸੀ। ਚੱਢਾ ਨੇ ਰਾਜ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।


ਸੰਗਰੂਰ ਜ਼ਿਮਨੀ ਚੋਣਾਂ ਦੀ ਤਾਰੀਕ ਦਾ ਐਲਾਨ, 23 ਜੂਨ ਨੂੰ ਵੋਟਿੰਗ ਹੋਵੇਗੀ। ਦੱਸ ਦਈਏ ਕਿ ਜਿਮਣੀ ਚੋਣਾਂ ਦਾ ਨਤੀਜਾ 26 ਜੂਨ ਨੂੰ ਐਲਾਨਿਆ ਜਾਵੇਗਾ। ਇਸ ਦੇ ਲਈ ਨੋਮੀਨੇਸ਼ਨ ਦੀ ਤਾਰੀਕ 30 ਮਈ ਹੈ ਜਦੋਂ ਕਿ ਨੋਮੀਨੇਸ਼ਨ ਭਰਨ ਦੀ ਆਖਰੀ ਤਾਰੀਕ 6 ਜੂਨ ਹੈ। ਦਰਅਸਲ, ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਹੀ ਭਗਵੰਤ ਮਾਨ ਨੇ ਸੰਗਰੂਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਵਜੋਂ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਇਹ ਲੋਕ ਸਭਾ ਸੀਟ ਖਾਲੀ ਹੋ ਗਈ ਸੀ।


ਨਾਮਜ਼ਦਗੀ 6 ਜੂਨ ਨੂੰ


ਜਾਣਕਾਰੀ ਮੁਤਾਬਕ ਇਸ ਜ਼ਿਮਨੀ ਚੋਣ ਲਈ ਉਮੀਦਵਾਰ 6 ਜੂਨ ਨੂੰ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ ਅਤੇ 9 ਜੂਨ ਨੂੰ ਨਾਮਜ਼ਦਗੀ ਵਾਪਸ ਲਈ ਜਾ ਸਕਦੀ ਹੈ। ਇਸ ਦੇ ਨਾਲ ਹੀ 28 ਜੂਨ ਤੱਕ ਇਹ ਸਾਰੀ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ। ਦੱਸ ਦਈਏ ਕਿ ਜਦੋਂ ਲੋਕ ਸਭਾ ਸੀਟ ਕਿਸੇ ਕਾਰਨ ਖਾਲੀ ਹੁੰਦੀ ਹੈ ਤਾਂ ਉੱਥੇ ਛੇ ਮਹੀਨਿਆਂ ਦੇ ਅੰਦਰ ਚੋਣਾਂ ਕਰਵਾਉਣੀਆਂ ਜ਼ਰੂਰੀ ਹੋ ਜਾਂਦੀਆਂ ਹਨ।


ਭਗਵੰਤ ਮਾਨ ਦੀ ਭੈਣ ਹੋਈ ਸਰਗਰਮ


ਇਸ ਦੇ ਨਾਲ ਹੀ ਸੰਗਰੂਰ ਵਿੱਚ ਹੋਣ ਵਾਲੀ ਉਪ ਚੋਣ ਦੌਰਾਨ ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਚਿਹਰਾ ਸਾਹਮਣੇ ਆ ਸਕਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਸਿਆਸਤ ਵਿੱਚ ਸਰਗਰਮ ਹੋ ਗਈ ਹੈ। ਇੰਨਾ ਹੀ ਨਹੀਂ ਮਨਪ੍ਰੀਤ ਕੌਰ ਸੰਗਰੂਰ ਤੋਂ ਹੋਣ ਵਾਲੀ ਚੋਣ ਵੀ ਲੜਨ ਲਈ ਤਿਆਰ ਹੈ।