ਗੁਹਾਟੀ: ਲੋਕ ਸਭਾ ਚੋਣਾਂ ਦੇ ਚੱਲਦਿਆਂ ਚੋਣ ਪ੍ਰਚਾਰ ਜ਼ੋਰਾਂ 'ਤੇ ਹੈ ਤੇ ਭਾਸ਼ਣ ਦਿੰਦਿਆਂ ਅਕਸਰ ਲੀਡਰਾਂ ਦੀ ਜ਼ੁਬਾਨ ਫਿਸਲ ਜਾਂਦੀ ਹੈ। ਇਸੇ ਲੜੀ ਵਿੱਚ ਬੀਜੇਪੀ ਦੇ ਡਿਬਰੂਗੜ ਤੋਂ ਵਿਧਾਇਕ ਪ੍ਰਸ਼ਾਂਤ ਫੁਕਨ ਨੇ ਮੁਸਲਮਾਨਾਂ ਵਿਚਾਲੇ ਵੋਟਿੰਗ ਪੈਟਰਨ ਸਬੰਧੀ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਅਲਪਸੰਖਿਅਕ ਤਬਕਾ ਅਜਿਹੀ ਗਾਂ ਹੈ ਜੋ ਦੁੱਧ ਨਹੀਂ ਦਿੰਦੀ। ਇਸੇ ਦੌਰਾਨ ਉਨ੍ਹਾਂ ਲੋਕਾਂ ਨੂੰ ਪੁੱਛਿਆ ਕਿ ਅਜਿਹੀ ਗਾਂ ਨੂੰ ਚਾਰਾ ਦੇਣ ਦਾ ਕੀ ਫਾਇਦਾ?


ਬੀਜੇਪੀ ਵਿਧਾਇਕ ਪ੍ਰਸ਼ਾਂਤ ਫੁਕਨ ਨੇ ਕਿਹਾ ਕਿ ਬੀਜੇਪੀ ਨੂੰ 90 ਫੀਸਦੀ ਹਿੰਦੂਆਂ ਨੇ ਵੋਟਾਂ ਦਿੱਤੀਆਂ ਤੇ ਮੁਸਲਿਮ ਤਬਕੇ ਦੇ 90 ਫੀਸਦੀ ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਨਹੀਂ ਦਿੱਤੀਆਂ ਜੇ ਕੋਈ ਗਾਂ ਦੁੱਧ ਨਹੀਂ ਦੇ ਰਹੀ ਤਾਂ ਉਸ ਨੂੰ ਚਾਰਾ ਪਾਉਣ ਦਾ ਕੀ ਫਾਇਦਾ?

ਕਾਂਗਰਸ ਨੇ ਬੋਲਿਆ ਹਮਲਾ

ਬੀਜੇਪੀ ਵਿਧਾਇਕ ਦੇ ਇਸ ਬਿਆਨ 'ਤੇ ਵਿਰੋਧੀ ਦਲਾਂ ਨੇ ਉਨ੍ਹਾਂ ਉੱਤੇ ਚੌਤਰਫਾ ਹਮਲਾ ਬੋਲ ਦਿੱਤਾ ਹੈ। ਕਾਂਗਰਸ ਵਿਧਾਇਕ ਦੇਬਬ੍ਰਤ ਸਾਈਕਿਆ ਨੇ ਸਪੀਕਰ ਨੂੰ ਚਿੱਠੀ ਲਿਖ ਕੇ ਬੀਜੇਪੀ ਵਿਧਾਇਕ ਪ੍ਰਸ਼ਾਂਤ ਫੁਕਨ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਫੁਕਨ ਨੇ ਮੁਸਲਮਾਨਾਂ ਦੀ ਤੁਲਨਾ ਗਾਵਾਂ ਨਾਲ ਕੀਤੀ ਹੈ। ਉਨ੍ਹਾਂ ਨੂੰ ਮਵੇਸ਼ੀਆਂ ਦੇ ਰੂਪ ਵਿੱਚ ਬਦਨਾਮ ਕੀਤਾ ਹੈ।

ਇਸ ਪਿੱਛੋਂ ਆਪਣੇ ਆਪ ਨੂੰ ਘਿਰਦਿਆਂ ਵੇਖ ਪ੍ਰਸ਼ਾਂਤ ਫੁਕਨ ਨੇ ਸਫ਼ਾਈ ਦਿੱਤੀ ਕਿ ਉਨ੍ਹਾਂ ਦੇ ਬਿਆਨ ਦਾ ਮਤਲਬ ਸਿਰਫ ਇਹ ਸੀ ਕਿ ਮੁਸਲਿਮ ਤਬਕੇ ਕੋਲੋਂ ਵੋਟ ਮੰਗਣਾ 'ਕਿਸੇ ਕੰਮ ਦਾ ਨਹੀਂ।' ਉਨ੍ਹਾਂ ਕਿਹਾ ਕਿ ਉਨ੍ਹਾਂ ਸਿਰਫ ਕਹਾਵਤ ਦਾ ਇਸਤੇਮਾਲ ਕੀਤਾ ਸੀ।