ਗਯਾ (ਬਿਹਾਰ): ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਤੋਂ ਪਹਿਲਾਂ ਬਿਹਾਰ ਦੇ ਗਯਾ ਵਿੱਚ ਨਕਸਲੀਆਂ ਨੇ ਬੀਜੇਪੀ ਦੇ ਲੀਡਰ ਤੇ ਸਾਬਕਾ ਵਿਧਾਨ ਕੌਂਸਲਰ ਅਨੁਜ ਕੁਮਾਰ ਸਿੰਘ ਦਾ ਘਰ ਬੰਬ ਲਾ ਕੇ ਉਡਾ ਦਿੱਤਾ। ਘਰ ਨੂੰ ਉਡਾਉਣ ਬਾਅਦ ਨਕਸਲੀ ਉੱਥੋਂ ਫਰਾਰ ਹੋ ਗਏ। ਹਾਲਾਂਕਿ ਘਟਨਾ ਵਾਲੀ ਥਾਂ ਇੱਕ ਪਰਚਾ ਵੀ ਛੱਡ ਕੇ ਗਏ ਜਿਸ 'ਤੇ ਚੋਣਾਂ ਦਾ ਬਾਈਕਾਟ ਕਰਨ ਦੀ ਗੱਲ ਲਿਖੀ ਗਈ ਹੈ।

ਘਟਨਾ ਦੀ ਜਾਣਕਾਰੀ ਮਿਲਣ ਬਾਅਦ ਪੁਲਿਸ ਦੀ ਟੀਮ ਮੌਕੇ 'ਤੇ ਪੁੱਜੀ ਤੇ ਮਾਮਲੇ ਦੀ ਜਾਂਚ ਵਿੱਚ ਜੁਟ ਗਈ। ਨਕਸਲੀਆਂ ਦੀ ਇਸ ਕਾਰਵਾਈ ਵਿੱਚ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਘਟਨਾ ਕੱਲ੍ਹ ਰਾਤ ਵਾਪਰੀ।



ਦੱਸ ਦੇਈਏ ਕਿ ਗਯਾ ਲਕੋ ਸਭਾ ਖੇਤਰ ਵਿੱਚ ਪਹਿਲੇ ਗੇੜ ਯਾਨੀ 11 ਅਪਰੈਲ ਨੂੰ ਚੋਣਾਂ ਹੋਣੀਆਂ ਹਨ। ਇਸ ਸੀਟ 'ਤੇ NDA ਵੱਲੋਂ ਵਿਜੈ ਮਾਂਝੀ JDU ਦੀ ਟਿਕਟ ਤੋਂ ਚੋਣ ਲੜ ਰਹੇ ਹਨ ਜਦਕਿ ਮਹਾਂਗਠਜੋੜ ਵੱਲੋਂ ਹਮ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਚੋਣ ਮੈਦਾਨ ਵਿੱਚ ਹਨ।