ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿੱਚ 'ਆਪ' ਤੇ ਕਾਂਗਰਸ ਦਾ ਰਿਸ਼ਤਾ ਜੋੜਨ ਲਈ ਨਵੇਂ 'ਵਿਚੋਲੇ' ਨੇ ਕਮਾਨ ਸੰਭਾਲ ਲਈ ਹੈ। ਐਨਸੀਪੀ ਲੀਡਰ ਸ਼ਰਦ ਪਵਾਰ ਦਿੱਲੀ ਵਿੱਚ ਲੋਕ ਸਭਾ ਚੋਣਾਂ ਲਈ ‘ਆਪ’ ਤੇ ਕਾਂਗਰਸ ਵਿਚਾਲੇ ਗਠਜੋੜ ਕਰਾਉਣ ਲਈ ਗੱਲਬਾਤ ਅੱਗੇ ਤੋਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਕਾਂਗਰਸ ਲੀਡਰਾਂ ਤੋਂ ਇਲਾਵਾ ਪਵਾਰ ਨੇ ਰਾਜ ਸਭਾ ਮੈਂਬਰ ਸੰਜੈ ਸਿੰਘ ਨਾਲ ਵੀ ਮੁਲਾਕਾਤ ਕੀਤੀ ਹੈ।


ਸੰਜੈ ਸਿੰਘ ਨੇ ਪਵਾਰ ਨਾਲ ਮੁਲਾਕਾਤ ਦੀ ਪੁਸ਼ਟੀ ਕਰਦਿਆਂ ਸਿਰਫ ਇੰਨਾ ਕਿਹਾ ਕਿ ਉਨ੍ਹਾਂ ਵਿਚਾਲੇ ਕਈ ਮੁੱਦਿਆਂ ’ਤੇ ਚਰਚਾ ਹੋਈ ਹੈ। ਫਿਲਹਾਲ ਉਹ ਇਸ ਬਾਰੇ ਖ਼ੁਲਾਸਾ ਨਹੀਂ ਕਰ ਸਕਦੇ। ਹਾਲਾਂਕਿ ਉਨ੍ਹਾਂ ਇੰਨਾ ਜ਼ਰੂਰ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਦੀ ਬੈਠਕ ਹੋਈ ਸੀ। ਇਸ ਵਿੱਚ ਇਹ ਦੋਵਾਂ ਪਾਰਟੀਆਂ ਵਿਚਾਲੇ ਗਠਜੋੜ ਹੋਣ ਜਾਂ ਨਾ ਹੋਣ ਦੀ ਸਥਿਤੀ ਵਿੱਚ ਦੇਸ਼ ਦੇ ਮੁੱਦਿਆਂ ’ਤੇ ਕਿਵੇਂ ਲਾਮਬੰਦ ਤੇ ਇੱਕਜੁਟ ਹੋਇਆ ਜਾਏ, ਇਸ ਬਾਰੇ ਚਰਚਾ ਕੀਤੀ ਗਈ ਸੀ।

ਸੂਤਰਾਂ ਮੁਤਾਬਕ ‘ਆਪ’ ਤੇ ਕਾਂਗਰਸ ਵਿਚਾਲੇ ਗਠਜੋੜ ਲਈ ਪਵਾਰ ਵੱਲੋਂ ਦੋਵਾਂ ਪੱਖਾਂ ਨਾਲ ਗੱਲਬਾਤ ਕੀਤੇ ਜਾਣ ਦੀ ਚਰਚਾ ਵਿਚਾਲੇ ਪ੍ਰਦੇਸ਼ ਦੀ ਕਾਂਗਰਸ ਪ੍ਰਧਾਨ ਸ਼ੀਲਾ ਦੀਕਸ਼ਿਤ ਨੇ ਕਾਂਗਰਸ ਦੇ ਤਿੰਨ ਕਾਰਜਕਾਰੀ ਪ੍ਰਧਾਨਾਂ ਦੀ ਬੈਠਕ ਬੁਲਾਈ ਹੈ। ਦੀਕਸ਼ਿਤ ਸ਼ੁਰੂ ਤੋਂ ਹੀ ਗਠਜੋੜ ਦਾ ਵਿਰੋਧ ਕਰ ਰਹੇ ਹਨ। ਹਾਲਾਂਕਿ ਪਹਿਲਾਂ ਗਠਜੋੜ ਦਾ ਵਿਰੋਧ ਕਰ ਰਹੇ ਸਾਬਕਾ ਪ੍ਰਧਾਨ ਅਜੈ ਮਾਕਨ ਸਮੇਤ ਪਾਰਟੀ ਦੇ ਹੋਰ ਲੀਡਰ ਹੁਣ ਗਠਜੋੜ ਦੀ ਹਮਾਇਤ ਕਰ ਰਹੇ ਹਨ।