ਨਵੀਂ ਦਿੱਲੀ: ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਣ ਵਾਲੇ 40 ਜਵਾਨਾਂ ਨੂੰ ਨਾ ਦੇਸ਼ ਭੁੱਲਿਆ ਹੈ ਤੇ ਨਾ ਭੁੱਲੇਗਾ। ਉਨ੍ਹਾਂ ਕਿਹਾ ਕਿ ਇਸ ਦਾ ਮੁਕਾਬਲਾ ਕੀਤਾ ਜਾਏਗਾ। ਕੀ ਤੇ ਕਦੋਂ ਕਰਨਾ ਹੈ, ਇਹ ਲੀਡਰਸ਼ਿਪ ਤੈਅ ਕਰੇਗੀ। ਅੱਜ ਸੀਆਰਪੀਐਫ ਦੇ 80ਵੇਂ ਸਥਾਪਨਾ ਦਿਵਸ ਮੌਕੇ ਡੋਭਾਲ ਪਰੇਡ ਦਾ ਨਿਰੀਖਣ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਜਵਾਨਾਂ ਨੂੰ ਸੰਬੋਧਨ ਕਰਦਿਆਂ ਉਕਤ ਗੱਲਾਂ ਕਹੀਆਂ।

ਡੋਭਾਲ ਨੇ ਸੀਆਰਪੀਐਫ ਦੀ ਤਾਰੀਫ ਕਰਦਿਆਂ ਕਿਹਾ ਕਿ ਇਹ ਭਰੋਸੇਯੋਗ ਫੋਰਸ ਹੈ। ਜਦੋਂ ਵੀ ਮੀਟਿੰਗ ਵਿੱਚ ਚਰਚਾ ਕੀਤੀ ਜਾਂਦੀ ਹੈ ਕਿ ਕਿਹੜੀ ਫੋਰਸ ਭੇਜਣੀ ਹੈ ਤਾਂ ਉਹ ਸੀਆਰਪੈਫ ਅੱਗੇ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਦਾ ਮੁਕਾਬਲਾ ਕੀਤਾ ਜਾਏਗਾ।



ਦੱਸ ਦੇਈਏ ਕਿ 2014 ਤੋਂ ਬਾਅਦ ਇਹ ਦੂਜਾ ਮੌਕਾ ਹੈ ਜਦੋਂ ਡੋਭਾਲ ਨੇ ਕੌਮੀ ਸੁਰੱਖਿਆ ਸਲਾਹਕਾਰ ਵਜੋਂ ਸੀਆਰਪੀਐਫ ਦੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ ਹੈ। ਇਸ ਤੋਂ ਪਹਿਲਾਂ ਉਨ੍ਹਾਂ 2015 ਵਿੱਚ ਭਾਰਤ-ਤਿੱਬਤ ਸਰਹੱਦ ਪੁਲਿਸ ਦੇ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਹਿੱਸਾ ਲਿਆ ਸੀ।