ਚੰਡੀਗੜ੍ਹ: ਚੋਣ ਜ਼ਾਬਤੇ ਦੇ ਚੱਲਦਿਆਂ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਦੇਸ਼ ਵਿੱਚੋਂ ਲਗਪਗ 540 ਕਰੋੜ ਰੁਪਏ ਦੀ ਸ਼ੱਕੀ ਨਕਦੀ, ਨਾਜਾਇਜ਼ ਸ਼ਰਾਬ ਤੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ। ਇਸ ਦੌਰਾਨ ਪੰਜਾਬ ਵਿੱਚੋਂ ਲਗਪਗ 93 ਕਰੋੜ ਦੀ ਸ਼ੱਕੀ ਨਕਦੀ, ਸ਼ਰਾਬ ਤੇ ਹੋਰ ਸਮੱਗਰੀ ਜ਼ਬਤ ਕੀਤੀ ਗਈ ਹੈ।
ਸਰਕਾਰੀ ਅੰਕੜਿਆਂ ਮੁਤਾਬਕ ਤਾਮਿਲਨਾਡੂ ਵਿੱਚ ਸਭ ਤੋਂ ਵੱਧ ਨਾਜਾਇਜ਼ ਚੀਜ਼ਾਂ ਜ਼ਬਤ ਕੀਤੀਆਂ ਗਈਆਂ। ਇੱਥੋਂ 107.24 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਜਿਸ ਨੂੰ ਵੋਟਰਾਂ ਨੂੰ ਲੁਭਾਉਣ ਲਈ ਵਰਤਿਆ ਜਾਣਾ ਸੀ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ 104.53 ਕਰੋੜ, ਆਂਧਰਾ ਪ੍ਰਦੇਸ਼ ਵਿੱਚ 103.4 ਕਰੋੜ ਤੇ ਪੰਜਾਬ ਵਿੱਚੋਂ 92.8 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ।
ਇਸ ਤੋਂ ਇਲਾਵਾ ਕਰਨਾਟਕ ਵਿੱਚ ਕੁੱਲ 26.53 ਕਰੋੜ ਰੁਪਏ, ਮਹਾਰਾਸ਼ਟਰ 'ਚ 19.11 ਕਰੋੜ ਤੇ ਤੇਲੰਗਾਨਾ ਵਿੱਚ ਕੁੱਲ 8.2 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ। ਇੱਕ ਚੋਣ ਕਮਿਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਹੁਣ ਤਕ ਜ਼ਬਤ ਕੀਤੀਆਂ ਗਈਆਂ ਵਸਤਾਂ ਦੀ ਕੁੱਲ ਕੀਮਤ 539.99 ਕਰੋੜ ਰੁਪਏ ਹੈ।
ਚੋਣ ਕਮਿਸ਼ਨ ਨੇ 10 ਮਾਰਚ ਨੂੰ ਚੋਣਾਂ ਦਾ ਐਲਾਨ ਕੀਤਾ ਸੀ ਤੇ 25 ਮਾਰਚ ਤੱਕ ਦੇ ਅੰਕੜਿਆਂ ਮੁਤਾਬਕ 143.37 ਕਰੋੜ ਰੁਪਏ ਦੀ ਸ਼ੱਕੀ ਨਕਦੀ, 89.64 ਕਰੋੜ ਰੁਪਏ ਦੀ ਸ਼ਰਾਬ, 131.75 ਕਰੋੜ ਰੁਪਏ ਦੀ ਕੀਮਤ ਵਾਲੇ ਨਸ਼ੀਲੇ ਪਦਾਰਥ, 162.93 ਕਰੋੜ ਦਾ ਸੋਨਾ ਤੇ ਹੋਰ ਕੀਮਤੀ ਧਾਤਾਂ ਅਤੇ 12.20 ਕਰੋੜ ਰੁਪਏ ਦਾ ਹੋਰ ਸਾਮਾਨ ਜ਼ਬਤ ਕੀਤਾ ਗਿਆ ਹੈ।