ਚੰਡੀਗੜ੍ਹ: ਕਰਨਾਲ ਹਾਈਵੇਅ ’ਤੇ ਬਣੇ ਹੋਟਲ ’ਤੇ ਇੱਕ ਪਰਿਵਾਰ ਨੂੰ ਗੱਡੀ ਰੋਕ ਕੇ ਚਾਹ ਦੀ ਚੁਸਕੀ ਲੈਣੀ ਮਹਿੰਗੀ ਪੈ ਗਈ। ਉਨ੍ਹਾਂ ਦੇ ਚਾਹ ਪੀਣ ਦੌਰਾਨ ਦੋ ਮੋਟਰਸਾਈਕਲ ਸਵਾਰ ਨੌਜਵਾਨ ਫਿਲਮੀ ਅੰਦਾਜ਼ ਨਾਲ ਕਾਰ ਦਾ ਸ਼ੀਸ਼ਾ ਤੋੜ ਕੇ ਲੱਖਾਂ ਦੇ ਗਹਿਣੇ, ਫੋਨ ਤੇ ਨਕਦੀ ਵਾਲਾ ਬੈਗ ਚੋਰੀ ਕਰਕੇ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ 5 ਤੋਂ 6 ਤੋਲੇ ਸੋਨੇ ਦੇ ਗਹਿਣੇ, 2 ਮੋਬਾਈਲ ਤੇ 30 ਹਜ਼ਾਰ ਦੀ ਨਕਦੀ ਪਈ ਸੀ। ਚੋਰੀ ਦੀ ਇਹ ਸਾਰੀ ਘਟਨਾ ਹੋਟਲ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਚੋਰਾਂ ਦੀਆਂ ਬੈਗ ਕੱਢਦੇ ਸਮੇਂ ਦੀਆਂ ਤਸਵੀਰਾਂ ਵੀ ਕੈਪਚਰ ਹੋਈਆਂ ਹਨ। ਯੂਪੀ ਦਾ ਰਹਿਣ ਵਾਲਾ ਪਰਿਵਾਰ ਪੰਜਾਬ ਵੱਲ ਆ ਰਿਹਾ ਸੀ।

ਜਾਣਕਾਰੀ ਮੁਤਾਬਕ ਕਰਨਾਲ ਦੇ ਝਿਲਮਿਲ ਹੋਟਲ ’ਤੇ ਯੂਪੀ ਦੇ ਮੁਜ਼ੱਫਰਨਗਰ ਦੇ ਰਹਿਣ ਵਾਲਾ ਪਰਿਵਾਰ ਆਪਣੀ ਕਾਰ ਵਿੱਚ ਸਵਾਰ ਹੋ ਕੇ ਲੁਧਿਆਣਾ ਜਾ ਰਿਹਾ ਸੀ। ਕਰਨਾਲ ਪਹੁੰਚ ਕੇ ਉਹ ਉਕਤ ਢਾਬੇ ’ਤੇ ਰੁਕ ਕੇ ਚਾਹ ਪੀਣ ਲੱਗ ਗਏ। ਇਸ ਪਿੱਛੋਂ ਦੋ ਬਾਈਕ ਚੋਰ ਆਏ ਤੇ ਲੱਖਾਂ ਦਾ ਚੂਨਾ ਲਾ ਕੇ ਫਰਾਰ ਹੋ ਗਏ।