ਭੋਪਾਲ: ਮੱਧ ਪ੍ਰਦੇਸ਼ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਭੋਪਾਲ ਪਹੁੰਚੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਬੀਜੇਪੀ ’ਤੇ ਰੱਜ ਕੇ ਭੜਾਸ ਕੱਢੀ। ਉਨ੍ਹਾਂ ਨੋਟਬੰਦੀ ਤੇ ਰਾਫੇਲ ਜਹਾਜ਼ ਸੌਦੇ ਸਮੇਤ ਕਈ ਮੁੱਦਿਆਂ ਸਬੰਦੀ ਪੀਐਮ ਮੋਦੀ ’ਤੇ ਹਮਲਾ ਕੀਤਾ। ਉਨ੍ਹਾਂ ਪੀਐਮ ’ਤੇ ਵਾਅਦਾ ਖ਼ਿਲਾਫ਼ੀ ਦਾ ਇਲਜ਼ਾਮ ਲਾਇਆ।


ਸਾਬਕਾ ਪ੍ਰਧਾਨ ਮੰਤਰੀ ਨੇ ਨੋਟਬੰਦੀ ਨੂੰ ਸੰਗਠਿਤ ਲੁੱਟ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਸੰਸਦ ਵਿੱਚ ਵੀ ਆਪਣੀ ਇਹੀ ਰਾਏ ਰੱਖੀ ਸੀ। ਉਨ੍ਹਾਂ ਕਿਹਾ ਕਿ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਸਹੀ ਢੰਗ ਨਾਲ ਇਸਤੇਮਾਲ ਨਹੀਂ ਕਰ ਪਾ ਰਹੇ। ਇਹ ਪ੍ਰਧਾਨ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ ਕਿ ਉਹ ਗਾਲੀ-ਗਲੋਚ ਦੀ ਭਾਸ਼ਾ ਬੋਲਣ ਜਾਂ ਵਿਰੋਧੀਆਂ ਦੀ ਸਰਕਾਰ ਤੇ ਵਰ੍ਹਣ।

ਰਾਫੇਲ ਮੁੱਦੇ ਬਾਰੇ ਗੱਲ ਕਰਦਿਆਂ ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦਾ ਰਾਫੇਲ ਸੌਦੇ ’ਤੇ ਸ਼ੱਕ ਕਰਨਾ ਸਹੀ ਹੈ। ਵਿਰੋਧੀ ਧਿਰ ਅਤੇ ਵੱਖ-ਵੱਖ ਸਮੂਹ ਸੰਯੁਕਤ ਸੰਸਦੀ ਕਮੇਟੀ ਦੀ ਮੰਗ ਕਰ ਰਹੇ ਹਨ ਪਰ ਮੋਦੀ ਸਰਕਾਰ ਇਸ ਲਈ ਤਿਆਰ ਨਹੀਂ ਹੈ। ਇਹ ਦਰਸਾਉਂਦਾ ਹੈ ਕਿ ਦਾਲ ਵਿੱਚ ਕੁਝ ਕਾਲਾ ਜ਼ਰੂਰ ਹੈ।