ਪੰਚਕੁਲਾ: ਸਥਾਨਕ ਖਟੌਲੀ ਪਿੰਡ ਦੇ ਇੱਕੋ ਪਰਿਵਾਰ ਦੇ 4 ਮੈਂਬਰਾਂ ਦੇ ਕਤਲ ਮਾਮਲੇ ਸਬੰਧੀ ਵੱਡਾ ਖ਼ੁਲਾਸਾ ਹੋਇਆ ਹੈ। ਮ੍ਰਿਤਕ ਰਾਜਬਾਲਾ ਦੀ ਛੋਟੀ ਧੀ ਨਵੀਤਾ ਉਰਫ ਲਵਲੀ ਨੇ ਹੀ 100 ਏਕੜ ਦੀ ਜਾਇਦਾਦ ਬਦਲੇ ਇਹ ਚਾਰ ਕਤਲ ਕਰਵਾਏ ਹਨ। ਵਾਰਦਾਤ ਦੀ ਸ਼ਾਮ ਉਹ ਖ਼ੁਦ ਆਪਣੇ ਸਹੁਰੇ ਚਲੀ ਗਈ ਸੀ। ਰਾਤ ਨੂੰ ਬਦਮਾਸ਼ਾਂ ਨਾਲ ਵਾਪਸ ਆ ਕੇ ਆਪਣੀ ਮਾਂ ਰਾਜਾਬਾਲਾ, ਭਤੀਜੀ ਤੇ ਦੋ ਭਤੀਜਿਆਂ ਨੂੰ ਆਪਣੇ ਸਾਹਮਣੇ ਮਰਵਾ ਦਿੱਤਾ। ਯਾਦ ਰਹੇ ਕਿ ਪਿਛਲੇ ਦਿਨੀਂ ਜ਼ਿੰਮੀਦਾਰ ਪਰਿਵਾਰ ਦੀ ਦਾਦੀ ਤੇ ਉਸ ਦੇ ਦੋ ਪੋਤਿਆਂ ਤੇ ਪੋਤੀ ਦੇ ਸਿਰਾਂ ਵਿੱਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਪੁਲਿਸ ਮੁਤਾਬਕ ਇਸ ਕੰਮ ਲਈ ਮੁਲਜ਼ਮ ਲਵਲੀ ਨੇ ਯੂਪੀ ਤੋਂ ਦੋ ਪੇਸ਼ੇਵਰ ਬਦਮਾਸ਼ ਬੁਲਾਏ ਸਨ। ਕਤਲ ਕਰਵਾਉਣ ਲਈ ਉਸ ਨੇ ਬਦਮਾਸ਼ਾਂ ਨੂੰ 10 ਲੱਖ ਰੁਪਏ ਦਿੱਤੇ। ਪੁਲਿਸ ਨੇ ਲਵਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦਾ ਪਤੀ ਰਾਮ ਕੁਮਾਰ ਦੋ ਦਿਨਾਂ ਤੋਂ ਫਰਾਰ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਲਵਲੀ ਆਪਣੀ ਮਾਂ ਕੋਲੋਂ ਆਪਣਾ ਹਿੱਸੀ ਮੰਗਦੀ ਸੀ ਪਰ ਉਸ ਦੀ ਮਾਂ ਰਾਜਬਾਲਾ ਕਹਿੰਦੀ ਸੀ ਕਿ ਇਹ ਜਾਇਦਾਦ ਬੱਚਿਆਂ ਦੀ ਹੈ। ਇਸੇ ਲਈ ਉਸ ਨੇ ਮਾਂ ਸਮੇਤ ਬੱਚੇ ਵੀ ਮਰਵਾ ਦਿੱਤੇ।
ਇਹ ਵੀ ਪੜ੍ਹੋ- 100 ਏਕੜ ਦੀ ਮਾਲਕਣ ਦਾਦੀ ਸਮੇਤ ਤਿੰਨ ਪੋਤੇ-ਪੋਤੀਆਂ ਦਾ ਕਤਲ, ਭੂਆ ਕੋਲ ਗਈ ਪੋਤੀ ਬਚੀ
ਮ੍ਰਿਤਕਾਂ ਦੀ ਪਛਾਣ ਰਾਜ ਬਾਲਾ (62), ਉਸ ਦੀ ਪੋਤੀ ਐਸ਼ਵਰਿਆ (17) ਅਤੇ ਪੋਤੇ ਦਿਵਾਂਸ਼ੂ (16) ਤੇ ਆਯੂਸ਼ (12) ਵਜੋਂ ਹੋਈ ਸੀ। ਪੁਲਿਸ ਨੂੰ ਘਟਨਾ ਦੀ ਸੂਚਨਾ ਸ਼ਨੀਵਾਰ ਸਵੇਰੇ ਮਿਲੀ। ਰਾਜਬਾਲਾ ਦੇ ਪੁੱਤਰ ਤੇ ਮਕਤੂਲ ਬੱਚਿਆਂ ਦੇ ਪਿਤਾ ਉਪੇਂਦਰ ਸਿੰਘ ਦੀ ਵੀ ਕੁਝ ਸਾਲ ਪਹਿਲਾਂ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਸੀ। ਉਸ ਦੀ ਲਾਸ਼ ਨੂੰ ਫਾਂਸੀ 'ਤੇ ਲਟਕਿਆ ਪਾਇਆ ਗਿਆ ਸੀ, ਜਿਸ ਤੋਂ ਕੁਝ ਮਹੀਨੇ ਬਾਅਦ ਉਸ ਦੇ ਪਿਤਾ ਰਜਿੰਦਰ ਸਿੰਘ ਦੀ ਵੀ ਮੌਤ ਹੋ ਗਈ ਸੀ। ਰਾਜਬਾਲਾ ਦੀ ਨੂੰਹ ਸਾਲ 2016 ਵਿੱਚ ਗ਼ਾਇਬ ਹੋ ਗਈ ਸੀ, ਜਿਸ ਨੂੰ ਪੁਲਿਸ ਅੱਜ ਤਕ ਤਲਾਸ਼ ਨਹੀਂ ਸਕੀ। ਰਾਜਬਾਲਾ ਦੀਆਂ ਚਾਰ ਧੀਆਂ ਆਪੋ-ਆਪਣੇ ਸਹੁਰੇ ਹਨ ਅਤੇ ਉਹ ਆਪਣੇ ਭਰਾ ਸੁਰੇਸ਼ ਨਾਲ ਪਿਛਲੇ ਢੇਡ ਦਹਾਕੇ ਤੋਂ ਪਿੰਡ ਵਿੱਚ ਹੀ ਰਹਿ ਰਹੀ ਸੀ।
ਰਾਜ ਬਾਲਾ ਕਰੋੜਾਂ ਦੀ ਜਾਇਦਾਦ ਨੂੰ ਇਕੱਲਿਆਂ ਹੀ ਦੇਖਦੀ ਸੀ। ਬਰਵਾਲਾ ਇਲਾਕੇ ਵਿੱਚ ਸਭ ਤੋਂ ਵੱਧ ਜੱਦੀ ਜਾਇਦਾਦ ਦੀ ਮਾਲਕਿਨ ਦੀ ਕੁਝ ਜ਼ਮੀਨ ਪੰਚਕੂਲਾ ਦੇ ਸੈਕਟਰ 23 ਤੋਂ ਲੈ ਕੇ 28 ਤੇ ਕੁਝ ਜ਼ਮੀਨ ਸ਼ਾਹਰਾਹ ਉਸਾਰਨ ਲਈ ਐਕੁਆਇਰ ਕੀਤੀ ਗਈ ਸੀ। ਇਸ ਦੇ ਨਾਲ ਹੀ ਖਟੌਲੀ ਨੇੜਲੇ ਪਿੰਡ ਰਿਹੌੜ ਅਤੇ ਸ਼ਾਹਬਾਦ ਨੇੜੇ ਤੰਗੋਰੀ ਪਿੰਡ ਵਿੱਚ 75 ਕਿੱਲੇ ਜ਼ਮੀਨ ਵੀ ਇਸੇ ਪਰਿਵਾਰ ਦੀ ਹੈ। ਪੰਚਕੂਲਾ ਦੀ ਜ਼ਮੀਨ ਬਦਲੇ ਰਾਜ ਬਾਲਾ ਨੂੰ ਕੁਝ ਸਮਾਂ ਪਹਿਲਾਂ ਦੋ ਕਰੋੜ ਰੁਪਏ ਵੀ ਮਿਲੇ ਸਨ ਤੇ ਉਹ ਖ਼ੁਦ ਹੀ ਸਾਰੀ ਜਾਇਦਾਦ ਦਾ ਪ੍ਰਬੰਧ ਚਲਾਉਂਦੀ ਸੀ।