ਭੁਪਾਲ: ਮੱਧ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਲਈ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਵਿਰੋਧੀ ਧਿਰ ਕਾਂਗਰਸ ਦੀ ਈਵੀਐਮ ਵਿੱਚ ਬੰਦ ਹੋਈ ਕਿਸਮਤ ਖੁੱਲ੍ਹਣ ਵਾਲੀ ਹੈ। ਮੰਗਲਵਾਲ ਨੂੰ ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਨਾਲ ਮੱਧ ਪ੍ਰਦੇਸ਼ ਦੇ ਨਤੀਜੇ ਵੀ ਐਲਾਨੇ ਜਾਣਗੇ। ਸੂਬੇ ਵਿੱਚ ਕਾਂਗਰਸ ਅਤੇ ਭਾਜਪਾ ਦਰਮਿਆਨ ਹੀ ਮੁੱਖ ਮੁਕਾਬਲਾ ਹੈ। ਵਿਧਾਨ ਸਭਾ ਦੀਆਂ 230 ਸੀਟਾਂ ਹਨ।
'ਏਬੀਪੀ ਨਿਊਜ਼' ਵੱਲੋਂ ਕਰਵਾਏ ਸਰਵੇਖਣ ਮੁਤਾਬਕ ਮੱਧ ਪ੍ਰਦੇਸ਼ ਵਿੱਚ ਇਸ ਵਾਰ ਕਾਂਗਰਸ ਬਾਜ਼ੀ ਮਾਰੇਗੀ। ਸਰਵੇਖਣ ਮੁਤਾਬਕ ਸੂਬੇ ਵਿੱਚ ਕਾਂਗਰਸ ਨੂੰ 126, ਬੀਜੇਪੀ ਨੂੰ 94 ਤੇ ਹੋਰਾਂ ਨੂੰ 10 ਸੀਟਾਂ ਹਾਸਲ ਹੋਈਆਂ। ਜੇ ਵੋਟ ਫੀਸਦ ਦੀ ਗੱਲ ਕਰੀਏ ਤਾਂ ਮੱਧ ਪ੍ਰਦੇਸ਼ ਵਿੱਚ ਕਾਂਗਰਸ ਨੂੰ 43 ਫੀਸਦੀ, ਬੀਜੇਪੀ ਨੂੰ 40 ਤੇ ਹੋਰਾਂ ਨੂੰ 17 ਫੀਸਦੀ ਵੋਟ ਮਿਲੇ ਹਨ। ਸਰਵੇਖਣ ਮੁਤਾਬਕ ਮੱਧ ਪ੍ਰਦੇਸ਼ ਇਸ ਵਾਰੀ ਬੀਜੇਪੀ ਦੇ ਹੱਥੋਂ ਖਿਸਕ ਸਕਦਾ ਹੈ।
ਸਾਲ 2013 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਨੇ 165 ਸੀਟਾਂ ਨਾਲ ਜਿੱਤ ਦਰਜ ਕਰ ਕੇ ਸੱਤਾ ਆਪਣੇ ਹੱਥ ਹੀ ਰੱਖੀ ਸੀ। ਕਾਂਗਰਸ ਸਿਰਫ਼ 58 ਸੀਟਾਂ ਹੀ ਜਿੱਤ ਸਕੀ ਸੀ। ਪਰ ਐਗ਼ਜ਼ਿਟ ਪੋਲ ਦੇ ਨਤੀਜਿਆਂ ਆਪਣੇ ਪੱਖ ਵਿੱਚ ਆਉਣ ਤੋਂ ਬਾਅਦ ਕਾਂਗਰਸ ਬਾਗ਼ੋ-ਬਾਗ਼ ਹੈ। ਮੱਧ ਪ੍ਰਦੇਸ਼ ਵਿੱਚ ਸੱਤ ਜਨਵਰੀ ਤੋਂ ਪਹਿਲਾਂ ਪਹਿਲਾਂ ਨਹੀਂ ਸਰਕਾਰ ਬਣਨੀ ਜ਼ਰੂਰੀ ਹੈ।