ਚੰਡੀਗੜ੍ਹ: ਕਰੀਬ 24 ਘੰਟਿਆਂ ਦੀ ਗਿਣਤੀ ਦੇ ਬਾਅਦ ਮੱਧ ਪ੍ਰਦੇਸ਼ ਵਿੱਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਇੱਥੇ ਕਾਂਗਰਸ ਨੇ 114 ਸੀਟਾਂ ’ਤੇ ਕਬਜ਼ਾ ਕੀਤਾ ਪਰ ਬਹੁਮਤ ਲਈ ਸਿਰਫ ਦੋ ਸੀਟਾਂ ਤੋਂ ਪਿੱਛੇ ਰਹਿ ਗਈ। ਉੱਧਰ ਬੀਜੇਪੀ ਨੇ 109 ਸੀਟਾਂ ਹਾਸਲ ਕੀਤੀਆਂ। ਖ਼ਬਰ ਹੈ ਕਿ ਕਾਂਗਰਸ ਲੀਡਰ ਰਾਜਪਾਲ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਜਾ ਰਹੇ ਹਨ।

ਮੱਧ ਪ੍ਰਦੇਸ਼ ਵਿੱਚ ਇੰਝ ਬਣੇਗੀ ਕਾਂਗਰਸ ਸਰਕਾਰ

ਮੱਧ ਪ੍ਰਦੇਸ਼ ਵਿੱਚ ਕਾਂਗਰਸ ਬਹੁਮਤ ਹਾਸਲ ਕਰਨ ਤੋਂ ਸਿਰਫ ਦੋ ਸੀਟਾਂ ਪਿੱਛੇ ਰਹਿ ਗਈ। ਹੁਣ ਸਵਾਲ ਇਹ ਹੈ ਕਿ ਕਾਂਗਰਸ ਆਪਣੀ ਸਰਕਾਰ ਕਿੰਝ ਬਣਾਏਗੀ? ਅੱਜ ਸਵੇਰੇ ਹੀ ਮਾਇਆਵਤੀ ਨੇ ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਨੂੰ ਸੱਤਾ ਤੋਂ ਦੂਰ ਰੱਖਣ ਲਈ ਕਾਂਗਰਸ ਦਾ ਸਾਥ ਦੇ ਰਹੇ ਹਨ। ਦੂਜੇ ਪਾਸੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਵੀ ਮੱਧ ਪ੍ਰਦੇਸ਼ ਵਿੱਚ ਸਰਕਾਰ ਬਣਾਉਣ ਲਈ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ।

ਇਹ ਹੋਏਗਾ ਕਾਂਗਰਸ ਦਾ ਫਾਈਨਲ ਅੰਕੜਾ

ਮੱਧ ਪ੍ਰਦੇਸ਼ ਵਿੱਚ ਬਹੁਮਤ ਲਈ 116 ਸੀਟਾਂ ਚਾਹੀਦੀਆਂ ਹਨ। ਕਾਂਗਰਸ ਦੀਆਂ 114, ਬੀਐਸਪੀ ਦੀਆਂ ਦੋ, ਐਸਪੀ ਦੀਆਂ ਇੱਕ ਤੇ ਚਾਰ ਆਜ਼ਾਦ ਨੂੰ ਜੋੜ ਲਿਆ ਜਾਏ ਤਾਂ ਇਹ ਅੰਕੜਾ 121 ਤਕ ਪੁੱਜ ਜਾਏਗਾ ਜੋ ਬਹੁਮਤ ਤੋਂ 5 ਜ਼ਿਆਦਾ ਹੈ। ਇਸ ਦਾ ਮਤਲਬ ਇਹ ਕਿ ਇੱਥੇ ਕਾਂਗਰਸ ਆਸਾਨੀ ਨਾਲ ਸਰਕਾਰ ਬਣਾ ਸਕਦੀ ਹੈ। ਇੱਥੇ ਹੀ ਬੱਸ ਨਹੀਂ, ਸਵਾਲ ਹੋਰ ਹੈ ਕਿ ਮੁੱਖ ਮੰਤਰੀ ਕੌਣ ਹੋਏਗਾ? ਭੋਪਾਲ ਵਿੱਚ ਸਿੰਧਿਆ ਤੇ ਕਮਲਨਾਥ ਦੇ ਸਮਰਥਕ ਆਪਣੇ-ਆਪਣੇ ਲੀਡਰ ਨੂੰ ਸੀਐਮ ਬਣਾਉਣ ਦੀ ਮੰਗ ਕਰ ਰਹੇ ਹਨ।