ਮੁੰਬਈ: ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ‘ਚ ਬਗਾਵਤ ਕਰਨ ਤੋਂ ਬਾਅਦ ਬੀਜੇਪੀ ਨਾਲ ਹੱਥ ਮਿਲਾਉਣ ਵਾਲੇ ਅਜੀਤ ਪਵਾਰ ਨੇ ਉੱਪ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫਾ ਦੇਵੇਂਦਰ ਫਡਨਵੀਸ ਨੂੰ ਦੇ ਦਿੱਤਾ ਹੈ। ਹੁਣ ਫਡਨਵੀਸ ਵੀ ਆਪਣੇ ਅਸਤੀਫੇ ਦਾ ਐਲਾਨ ਕਰ ਸਕਦੇ ਹਨ।


ਅੱਜ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆਇਆ ਤਾਂ ਅਜੀਤ ਪਵਾਰ ਮੁੰਬਈ ਸਥਿਤ ਮੁੱਖ ਮੰਤਰੀ ਫਡਨਵੀਸ ਦੇ ਆਵਾਸ ‘ਤੇ ਗਏ ਸੀ। ਜਿੱਥੇ ਕੁਝ ਦੇਰ ਰੁਕਣ ਤੋਂ ਬਾਅਦ ਅਜੀਤ ਪਵਾਰ ਨਿਕਲੇ। ਦੱਸ ਦਈਏ ਕਿ ਸੁਪਰੀਮ ਕੋਰਟ ਨੇ ਕੱਲ੍ਹ ਤਕ ਫਲੋਰ ਟੈਸਟ ਕੀਤੇ ਜਾਣ ਦਾ ਹੁਕਮ ਦਿੱਤਾ ਹੈ।

ਅਜੀਤ ਪਵਾਰ ਨੇ 23 ਨਵੰਬਰ ਦੀ ਸਵੇਰ ਬੀਜੇਪੀ ਦੇ ਸਾਥ ਦੇਣ ਦਾ ਐਲਾਨ ਕੀਤਾ ਸੀ ਤੇ ਉਨ੍ਹਾਂ ਨੇ ਉੱਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਰਾਜਪਾਲ ਨੇ ਦੇਵੇਂਦਰ ਫਡਨਵੀਸ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਸੀ। ਰਾਜਪਾਲ ਦੇ ਫੈਸਲੇ ਨੂੰ ਕਾਂਗਰਸ-ਐਨਸੀਪੀ ਤੇ ਸ਼ਿਵ ਸੈਨਾ ਨੇ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ। ਕੋਰਟ ਦੇ ਹੁਕਮ ਤੋਂ ਬਾਅਦ ਦਿੱਲੀ ‘ਚ ਬੀਜੇਪੀ ਨੇਤਾਵਾਂ ਦੀ ਬੈਠਕ ਹੋਈ ਜਿਸ ‘ਚ ਪੀਐਮ ਮੋਦੀ, ਅਮਿਤ ਸ਼ਾਹ ਤੇ ਜੇਪੀ ਨੱਡਾ ਸਣੇ ਕਈ ਨੇਤਾ ਸ਼ਾਮਲ ਸੀ।

ਅਜੀਤ ਪਵਾਰ ਨੇ ਅਸਤੀਫੇ ਤੋਂ ਬਾਅਦ ਸਾਫ਼ ਕਿਹਾ ਹੈ ਕਿ ਹੁਣ ਸੂਬੇ ‘ਚ ਕਾਂਗਰਸ-ਐਨਸੀਪੀ ਤੇ ਸ਼ਿਵ ਸੈਨਾ ਆਸਾਨੀ ਨਾਲ ਸਰਕਾਰ ਬਣਾ ਲਵੇਗੀ। ਤਿੰਨਾਂ ਪਾਰਟੀਆਂ ਨੇ ਚੋਣਾਂ ਤੋਂ ਬਾਅਦ ਗਠਬੰਧਨ ਕੀਤਾ ਸੀ।