ਮੁੰਬਈ: ਮਹਾਰਾਸ਼ਟਰ 'ਚ ਸਰਕਾਰ ਬਣਨ ਦੀਆਂ ਸਾਰੀਆਂ ਸੰਭਾਵਨਾਵਾਂ 'ਤੇ ਹਨ੍ਹੇਰਾ ਹੁੰਦਾ ਨਜ਼ਰ ਆ ਰਿਹਾ ਹੈ। ਅਜਿਹੀ ਸਥਿਤੀ 'ਚ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋ ਗਈ ਹੈ। ਹੁਣ ਸੂਬੇ ਦੀਆਂ ਤਕਰੀਬਨ ਸਾਰੀਆਂ ਮੁੱਖ ਪਾਰਟੀਆਂ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਹੈ, ਪਰ ਅਜੇ ਤੱਕ ਕਿਸੇ ਵੀ ਪਾਰਟੀ ਨੇ ਸਰਕਾਰ ਬਣਾਉਣ ਦਾ ਦਾਅਵਾ ਨਹੀਂ ਕੀਤਾ। ਸੰਵਿਧਾਨ ਦੇ ਮਾਹਰਾਂ ਮੁਤਾਬਕ ਜੇਕਰ ਸੂਬੇ 'ਚ ਕੱਲ੍ਹ ਤੱਕ ਕੋਈ ਵੀ ਸਰਕਾਰ ਨਹੀਂ ਬਣਾਉਂਦਾ ਤਾਂ ਰਾਜਪਾਲ ਕੋਲ ਤਿੰਨ ਆਪਸ਼ਨ ਹੋਣਗੇ।


ਪਹਿਲਾ ਵਿਕਲਪ- ਰਾਜਪਾਲ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਅਗਲਾ ਮੁੱਖ ਮੰਤਰੀ ਚੁਣੇ ਜਾਣ ਤੱਕ ਕਾਰਜਕਾਰੀ ਮੁੱਖ ਮੰਤਰੀ ਵਜੋਂ ਕੰਮ ਕਰਨ ਤੇ ਨੀਤੀਗਤ ਫੈਸਲੇ ਛੱਡ ਹੋਰ ਪ੍ਰਬੰਧਕੀ ਫੈਸਲੇ ਲੈਣ ਲਈ ਕਹਿਣ।

ਦੂਜਾ ਵਿਕਲਪ - ਰਾਜਪਾਲ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ। ਸਦਨ 'ਚ ਸਦਨ ਦੇ ਹੀ ਨੇਤਾ ਨੂੰ ਚੁਣਨ ਦੀ ਹਦਾਇਤ ਦੇਣ। ਅਜਿਹਾ ਉੱਤਰ ਪ੍ਰਦੇਸ਼ ਵਿਧਾਨ ਸਭਾ 'ਚ ਸਾਲ 1998 'ਚ ਹੋਇਆ ਸੀ।

ਤੀਜਾ ਵਿਕਲਪ - ਜੇ ਰਾਜਪਾਲ ਸਰਕਾਰ ਬਣਾਉਣ 'ਚ ਅਸਮਰੱਥ ਹੁੰਦੇ ਹਨ, ਤਾਂ ਆਪਣੀ ਰਿਪੋਰਟ ਕੇਂਦਰ ਨੂੰ ਭੇਜਣ ਤੇ ਫਿਰ ਵਿਧਾਨ ਸਭਾ ਨੂੰ ਮੁਅੱਤਲ ਕਰਕੇ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸਿਫਾਰਸ਼ ਕਰਨ। ਫਿਲਹਾਲ ਸਰਕਾਰ ਬਣਾਉਣ ਲਈ 9 ਨਵੰਬਰ ਨੂੰ ਦੁਪਹਿਰ 12 ਵਜੇ ਤੱਕ ਦਾ ਸਮਾਂ ਹੈ।