ਜੈਪੁਰ: ਰਾਜਸਥਾਨ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਸੋਸ਼ਲ ਮੀਡੀਆ ਵੈੱਬਸਾਈਟ ਫੇਸਬੁੱਕ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਾਰਨ ਲਈ ਸੁਪਾਰੀ ਮੰਗੀ ਸੀ। ਮੁਲਜ਼ਮ ਨੂੰ ਦੇਸ਼ ਧਰੋਹ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੇ ਫੇਸਬੁੱਕ 'ਤੇ ਪ੍ਰਧਾਨ ਮੰਤਰੀ ਦੇ ਕਤਲ ਦੀ ਸੁਪਾਰੀ ਲੈਣ ਸਬੰਧੀ ਪੋਸਟ ਪਾਈ ਸੀ।


ਪੁਲਿਸ ਨੇ ਸਾਈਬਰ ਸੈੱਲ ਦੀ ਸਹਾਇਤਾ ਨਾਲ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੂਰਬੀ ਜੈਪੁਰ ਦੇ ਪੁਲਿਸ ਕਮਿਸ਼ਨਰ ਰਾਹੁਲ ਜੈਨ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਨਵੀਨ ਯਾਦਵ (31) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਹਰਿਆਣਾ ਦੇ ਰੇਵਾੜੀ ਦਾ ਰਹਿਣ ਵਾਲਾ ਹੈ। ਕਮਿਸ਼ਨ ਨੇ ਦੱਸਿਆ ਕਿ ਮੁਲਜ਼ਮ ਨੇ ਬੀਤੀ 26 ਮਾਰਚ ਨੂੰ ਫੇਸਬੁੱਕ 'ਤੇ ਲਿਖਿਆ ਸੀ, "ਕੀ ਕੋਈ ਉਸ ਨੂੰ ਮੋਦੀ ਦੇ ਕਤਲ ਦੀ ਸੁਪਾਰੀ ਦੇ ਸਕਦਾ ਹੈ, ਮੇਰੇ ਕੋਲ ਫੂਲ ਪਰੂਫ ਪਲੈਨ ਹੈ।"

ਮੁਲਜ਼ਮ ਨੇ ਪੁਲਿਸ ਕੋਲ ਪੀਐਮ ਮੋਦੀ ਖ਼ਿਲਾਫ਼ ਪੋਸਟ ਪਾਉਣ ਦੀ ਗੱਲ ਸਵੀਕਾਰੀ ਹੈ। ਪੋਸਟ ਦਾ ਵਿਰੋਧ ਹੋਣ 'ਤੇ ਮੁਲਜ਼ਮ ਨੇ ਇਸ ਨੂੰ ਹਟਾ ਲਿਆ ਸੀ। ਮੁਲਜ਼ਮ ਨੇ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਦੇ ਕੰਮਾਂ ਤੋਂ ਨਾਖ਼ੁਸ਼ ਹੈ ਅਤੇ ਮੋਦੀ ਖ਼ਿਲਾਫ਼ ਉਸ ਨੂੰ ਕਾਫੀ ਗੁੱਸਾ ਹੈ। ਇਸੇ ਗੁੱਸੇ ਕਰਕੇ ਉਸ ਨੇ ਮੋਦੀ ਬਾਰੇ ਉਕਤ ਪੋਸਟ ਪਾਈ ਸੀ। ਪੁਲਿਸ ਨੇ ਉਸ ਨੂੰ ਭਾਰਤੀ ਦੰਡਾਵਲੀ ਦੀ ਧਾਰਾ 124 (ਏ) ਯਾਨੀ ਦੇਸ਼ ਧਰੋਹ, 505 (ਬੀ) ਯਾਨੀ ਸਮਾਜਕ ਸ਼ਾਂਤੀ ਭੰਗ ਕਰਨ ਅਤੇ 506 ਅਪਰਾਧਕ ਧਮਕੀ ਦੇਣ ਤਹਿਤ ਗ੍ਰਿਫ਼ਤਾਰ ਕੀਤਾ ਹੈ।