ਤਿੰਨ ਧੀਆਂ ਨਾਲ ਬਲਾਤਕਾਰ ਕਰਨ ਵਾਲੇ ਪਿਓ ਸਾਰੀ ਉਮਰ ਜੇਲ੍ਹ 'ਚ ਸੜੇਗਾ
ਏਬੀਪੀ ਸਾਂਝਾ | 02 Feb 2019 02:36 PM (IST)
ਚੰਡੀਗੜ੍ਹ: ਪੁਣੇ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਇੱਕ ਬਾਪ ਨੇ ਹੀ ਆਪਣੀਆਂ ਤਿੰਨ ਧੀਆਂ ਦਾ ਇੱਕ ਵਾਰ ਨਹੀਂ, ਬਲਕਿ ਕਈ-ਕਈ ਵਾਰ ਬਲਾਤਕਾਰ ਕੀਤਾ। ਵਿਸ਼ੇਸ਼ ਅਦਾਲਤ ਨੇ 45 ਸਾਲਾ ਦੋਸ਼ੀ ਬਾਪ ਨੂੰ ਆਪਣੀਆਂ ਤਿੰਨ ਧੀਆਂ ਦੇ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਤਿੰਨਾਂ ਲੜਕੀਆਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਸੀ। ਇਸ ਮਾਮਲੇ ਵਿੱਚ ਪੀੜਤ ਲੜਕੀਆਂ ਦੀ ਮਾਂ ਨੂੰ ਵੀ ਸੱਤ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਕਿਉਂਕਿ ਉਹ ਆਪਣੇ ਪਤੀ ਨੂੰ ਅਜਿਹਾ ਕਰਨ ਦੀ ਸ਼ਹਿ ਦਿੰਦੀ ਸੀ। ਮਾਂ ਨੂੰ ਇਸ ਸਭ ਬਾਰੇ ਪਤਾ ਸੀ ਪਰ ਉਸ ਨੇ ਕਦੀ ਇਸ ਦਾ ਵਿਰੋਧ ਨਹੀਂ ਕੀਤਾ। ਵਿਸ਼ੇਸ਼ ਜੱਜ ਆਰਵੀ ਅਡੋਨ ਨੇ ਸਜ਼ਾ ਦੇ ਨਾਲ-ਨਾਲ ਪੀੜਤ ਧੀਆਂ ਦੇ ਪਿਉ ਨੂੰ 14 ਹਜ਼ਾਰ ਅਤੇ ਮਾਂ ਨੂੰ ਪੰਜ ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਠੋਕਿਆ ਹੈ। ਇਸ ਮਾਮਲੇ ਸਬੰਧੀ ਕੋਂਡਵਾ ਪੁਲਿਸ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਗਈ ਸੀ। ਘਟਨਾ 2013 ਅਤੇ 22 ਅਪ੍ਰੈਲ, 2015 ਵਿਚਾਲੇ ਵਾਪਰੀ। ਕੁੜੀਆਂ ਦੀ ਉਮਰ 22, 19 ਅਤੇ 15 ਸਾਲ ਦੱਸੀ ਜਾ ਰਹੀ ਹੈ। ਦੋਸ਼ੀ ਬਾਪ ਉਸ ਸਮੇਂ ਆਪਣੀਆਂ ਕੁੜੀਆਂ ਦਾ ਬਲਾਤਕਾਰ ਕਰਦਾ ਸੀ ਜਦੋਂ ਉਹ ਘਰ ਵਿੱਚ ਇਕੱਲੀਆਂ ਹੁੰਦੀਆਂ ਸੀ। ਜਦੋਂ ਕੁੜੀਆਂ ਇਸ ਬਾਰੇ ਆਪਣੀ ਮਾਂ ਨੂੰ ਸ਼ਿਕਾਇਤ ਕਰਦੀਆਂ ਤਾਂ ਉਹ ਅੱਗੋਂ ਕਹਿੰਦੀ ਕਿ ਪਿਤਾ ’ਤੇ ਕਿਸੇ ਨੇ ਕਾਲਾ ਜਾਦੂ ਕੀਤਾ ਹੈ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਨਾਬਾਲਗ ਧੀ ਨੇ ਇਸ ਬਾਰੇ ਆਪਣੀ ਕਿਸੇ ਰਿਸ਼ਤੇਦਾਰ ਨੂੰ ਦੱਸਿਆ। ਫਿਰ ਇਸ ਰਿਸ਼ਤੇਦਾਰ ਔਰਤ ਨੇ ਕੁੜੀਆਂ ਦੀ ਮਦਦ ਕੀਤੀ ਤੇ ਉਨ੍ਹਾਂ ਨੂੰ ਥਾਣੇ ਲੈ ਕੇ ਗਈ। ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਗੁਜਰਾਤ ਦੇ ਸੂਰਤ ਵਿੱਚ ਵੀ ਸਾਹਮਣੇ ਆਇਆ ਹੈ ਜਿੱਥੇ ਇੱਕ HIV ਪ੍ਰਭਾਵਿਤ ਸ਼ਖ਼ਸ ਨੇ ਨੌਂ ਸਾਲਾਂ ਦੀ ਮਾਸੂਮ ਬੱਚੀ ਦਾ ਬਲਾਤਕਾਰ ਕੀਤਾ। 35 ਸਾਲਾ ਮੁਲਜ਼ਮ ਪੀੜਤ ਲੜਕੀ ਦਾ ਗੁਆਂਢੀ ਹੈ। ਉਸ ਨੇ ਲੜਕੀ ਦੇ ਕੱਪੜਿਆਂ ਦਾ ਨਾਪ ਲੈਣ ਬਹਾਨੇ ਉਸ ਨੂੰ ਆਪਣੀ ਦੁਕਾਨ ’ਤੇ ਬੁਲਾਇਆ ਤੇ ਉਸ ਦਾ ਬਲਾਤਕਾਰ ਕੀਤਾ। ਪੁਲਿਸ ਨੇ ਮੁਲਜ਼ਮ ਖਿਲਾਫ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।