ਚੰਡੀਗੜ੍ਹ: ਕੋਲਕਾਤਾ ਹਵਾਈ ਅੱਡੇ ’ਤੇ ਸੋਮਵਾਰ ਨੂੰ ਜੈੱਟ ਏਅਰਵੇਜ਼ ਦੀ ਉਡਾਣ ਵਿੱਚ ਸਵਾਰ ਯਾਤਰੀ ਨੇ ਸੋਸ਼ਲ ਮੀਡੀਆ ’ਤੇ ਖਲਬਲੀ ਮਚਾ ਦਿੱਤੀ। ਦਰਅਸਲ ਉਸ ਨੇ ਸੋਸ਼ਲ ਮੀਡੀਆ ਤੋਂ ਜਹਾਜ਼ ਵਿੱਚ ਅੱਤਵਾਦੀ ਹੋਣ ਦੀ ਪੋਸਟ ਸ਼ੇਅਰ ਕੀਤੀ ਜਿਸ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਯਾਤਰੀ ਦੀ ਪਛਾਣ ਯੋਗਵੇਦੰਤ ਪੋਦਰ ਵਜੋਂ ਹੋਈ। ਉਹ ਕੋਲਕਾਤਾ ਤੋਂ ਮੁੰਬਈ ਜਾ ਰਿਹਾ ਸੀ।
ਯਾਤਰੀ ਨੇ ਸਨੈਪਚੈਟ ’ਤੇ ਆਪਣੀ ਫੋਟੋ ਸ਼ੇਅਰ ਕਰਦਿਆਂ ਲਿਖਿਆ, ‘ਜਹਾਜ਼ ਵਿੱਚ ਅੱਤਵਾਦੀ, ਮੈਂ ਮਹਿਲਾਵਾਂ ਦੇ ਦਿਲ ਤੋੜਦਾ ਹਾਂ’। ਇਸ ਮੈਸੇਜ ਨੂੰ ਉਸ ਨੇ ਆਪਣੇ 6 ਦੋਸਤਾਂ ਨੂੰ ਫਾਰਵਰਡ ਕੀਤਾ। ਉਸ ਦੇ ਇਸ ਰਵੱਈਏ ਨੂੰ ਵੇਖਦਿਆਂ ਉਸ ਦੇ ਨਾਲ ਦੀ ਸੀਟ ’ਤੇ ਬੈਠੇ ਯਾਤਰੀ ਨੇ ਕਰੂ ਮੈਂਬਰਾਂ ਨੂੰ ਇਸ ਦੀ ਸੂਹ ਦੇ ਦਿੱਤੀ।
ਇਸ ਪਿੱਛੋਂ ਕਰੂ ਮੈਂਬਰ ਨੇ ਪਾਇਲਟ ਤੇ ਸੀਆਈਐਸਐਫ ਅਫ਼ਸਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਅਫ਼ਸਰਾਂ ਦੀ ਟੀਮ ਜਹਾਜ਼ ਵਿੱਚ ਪਹੁੰਚੀ ਤੇ ਯਾਤਰੀ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਅੱਤਵਾਦੀ ਨਹੀਂ ਹੈ ਤੇ ਆਪਣੇ ਦੋਸਤਾਂ ਨਾਲ ਸਿਰਫ ਮਜ਼ਾਕ ਕਰ ਰਿਹਾ ਸੀ। ਉਸ ਨੂੰ ਠੰਡ ਲੱਗ ਗਈ ਸੀ ਇਸ ਲਈ ਉਸ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ।
ਇਸ ਪਿੱਛੋਂ ਅਫ਼ਸਰਾਂ ਦੀ ਟੀਮ ਨੇ ਯਾਤਰੀ ਦੇ ਮਾਪਿਆਂ ਨਾਲ ਗੱਲ ਕੀਤੀ ਤੇ ਫਿਰ ਉਸ ਨੂੰ ਰਿਹਾਅ ਕੀਤਾ। ਉਸ ਯਾਤਰੀ ਕਰਕੇ ਉਡਾਣ ਵਿੱਚ ਵੀ ਕਾਫੀ ਦੇਰੀ ਹੋਈ ਜਿਸ ਕਰਕੇ ਯਾਤਰੀਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।