ਚੰਡੀਗੜ੍ਹ: ਅੱਜ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਲਾਂਘੇ ਦੇ ਬਣਨ ਨਾਲ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਦੀ ਨਵੀਂ ਸ਼ੁਰੂਆਤ ਹੋਏਗੀ। ਦੋਵਾਂ ਗੁਆਂਢੀ ਦੇਸ਼ਾਂ ਵੱਲੋਂ ਸਬੰਧਾਂ ਨੂੰ ਤੋੜਨਾ ਹੁਣ ਆਸਾਨ ਨਹੀਂ ਹੋਵੇਗਾ। ਲਾਂਘਾ ਖੁੱਲ੍ਹਣ ਨਾਲ ਸਿੱਖਾਂ ਦੀਆਂ ਅਰਦਾਸਾਂ ਵੀ ਪੂਰੀਆਂ ਹੋ ਗਈਆਂ ਹਨ। ਭਾਰਤ ਵੱਲੋਂ ਅੱਜ ਡੇਰਾ ਬਾਬਾ ਨਾਨਾਕ ਦੇ ਪਿੰਡ ਮਾਨ ਵਿੱਚ ਲਾਂਘਾ ਬਣਾਉਣ ਦੀ ਸ਼ੁਰੂਆਤ ਹੋ ਚੁੱਕੀ ਹੈ। ਸਰਹੱਦ ਦੇ ਪਾਰ 28 ਨਵੰਬਰ ਨੂੰ ਪਾਕਿਸਤਾਨ ਆਪਣੇ ਹਿੱਸੇ ਵਾਲੇ ਲਾਂਘੇ ਦਾ ਨੀਂਹ ਪੱਥਰ ਰੱਖੇਗਾ।
ਭਾਰਤ ਦੇ ਉਪ ਰਾਸ਼ਟਰਪਤੀ ਐਮ ਵੈਂਕਾਈਆ ਨਾਇਡੂ ਨੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ, ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ, ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਹੋਰ ਸਿਆਸਤਦਾਨਾਂ ਦੀ ਮੌਜੂਦਗੀ ਵਿੱਚ ਲਾਂਘੇ ਦਾ ਨੀਂਹ ਪੱਥਰ ਰੱਖਿਆ। ਇਹ ਲਾਂਘਾ ਗੁਰਦਾਸਪੁਰ ਦੇ ਪਿੰਡ ਮਾਨ ਤੋਂ ਪਾਕਿਸਤਾਨ ਨਾਲ ਕੌਮਾਂਤਰੀ ਸਰਹੱਦ ਤਕ ਜਾਏਗਾ।
ਬਿਨ੍ਹਾ ਵੀਜ਼ਾ ਪਾਕਿਸਤਾਨ ਐਂਟਰੀ
ਦੇਸ਼ ਦੀ ਆਜ਼ਾਦੀ ਤੋਂ ਬਾਅਦ ਸ਼ਾਇਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਲੋਕ ਬਿਨਾ ਕਿਸੇ ਦਖਲਅੰਦਾਜ਼ੀ ਦੇ ਬਾਰਡਰ ਪਾਰ ਕਰ ਸਕਣਗੇ। ਇਹੀ ਕਾਰਨ ਹੈ ਕਿ ਇਸ ਗਲਿਆਰੇ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਸ਼ਾਂਤੀ ਦੀ ਨਵੀਂ ਉਮੀਦ ਵਜੋਂ ਦੇਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਇਹ ਕੋਰੀਡੋਰ ਕੇਵਲ ਇੱਕ ਸੜਕ ਨਹੀਂ, ਬਲਕਿ ਦੋਵਾਂ ਮੁਲਕਾਂ ਦੇ ਆਪਸੀ ਸਬੰਧਾਂ ਵਿੱਚ ਇੱਕ ਪੁਲ਼ ਵਾਂਗ ਕੰਮ ਕਰੇਗਾ।
ਲਾਂਘੇ ਦਾ ਫਾਇਦਾ ?
ਕਰਤਾਰਪੁਰ ਲਾਂਘਾ ਬਣਨ ਨਾਲ ਸਿੱਖਾਂ ਦੀ 70 ਸਾਲਾਂ ਦੀ ਉਡੀਕ ਖਤਮ ਹੋਵੇਗੀ। ਕਰੋੜਾਂ ਭਾਰਤੀ ਸਿੱਖ ਪਾਕਿਸਤਾਨ ਵਿੱਚ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਦੇ ਦਰਸ਼ਨ ਕਰ ਸਕਣਗੇ। ਵੱਡੀ ਗੱਲ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਿੱਖਾਂ ਨੂੰ ਪਾਕਿਸਤਾਨ ਜਾਣ ਲਈ ਕਿਸੇ ਪਾਸਪੋਰਟ ਦੀ ਵੀ ਲੋੜ ਨਹੀਂ ਪਏਗੀ। ਲਾਂਘਾ ਖੁੱਲ੍ਹਣ ਨਾਲ ਭਾਰਤ ਤੇ ਪਾਕਿਸਤਾਨ ਵਿੱਚ ਭਰੋਸਾ ਵੀ ਵਧੇਗਾ।