ਪਤਨੀ ਦੀਆਂ ਗੱਲਾਂ ਸੁਣਨ ਲਈ ਕੀਤਾ ਫੋਨ ਹੈਕ, ਕੇਸ ਦਰਜ
ਏਬੀਪੀ ਸਾਂਝਾ | 26 Nov 2018 02:39 PM (IST)
ਯਮੁਨਾਨਗਰ: ਸੱਸ ਤੇ ਪਤਨੀ ਦੀਆਂ ਗੱਲਾਂ ਸੁਣਨਾ ਇੱਕ ਵਿਅਕਤੀ ਨੂੰ ਮਹਿੰਗਾ ਪੈ ਗਿਆ। ਕਿੱਸਾ ਹਰਿਆਣਾ ਦੇ ਯਮੁਨਾਨਗਰ ਦਾ ਹੈ ਜਿੱਥੇ ਇੱਕ ਸੋਫਟਵੇਅਰ ਇੰਜਨੀਅਰ ‘ਤੇ ਆਪਣੀ ਹੀ ਸੱਸ ਦੇ ਫੋਨ ‘ਚ ਕਾਲ ਰਿਕਾਰਡਰ ਇੰਸਟਾਲ ਕਰਨ ਦਾ ਇਲਜ਼ਾਮ ਹੈ। ਸੱਸ ਦੀ ਸ਼ਿਕਾਇਤ ‘ਤੇ ਜਵਾਈ ਸੰਨੀ ਸ਼ਰਮਾ ‘ਤੇ ਆਈਟੀ ਐਕਟ ਤੇ ਸਾਜਿਸ਼ ਘੜਣ ਦਾ ਕੇਸ ਦਰਜ ਕੀਤਾ ਗਿਆ ਹੈ। ਯਮੁਨਾਨਗਰ ਦੀ ਸ਼ਿਵਪੁਰੀ ਕਾਲੋਨੀ ‘ਚ ਰਹਿਣ ਵਾਲੀ ਸਲੋਨੀ ਮਹਿਤਾ ਆਪਣੀ ਧੀ ਨਾਲ ਜੋ ਵੀ ਗੱਲ ਕਰਦੀ ਸੀ, ਉਹ ਗੁਰੂਗ੍ਰਾਮ ‘ਚ ਬੈਠੇ ਉਸ ਦੇ ਜਵਾਈ ਸੰਨੀ ਨੂੰ ਪਤਾ ਲੱਗ ਜਾਂਦੀ ਸੀ। ਸਲੋਨੀ ਨੇ ਜਦੋਂ ਫੋਨ ਚੈੱਕ ਕਰਵਾਇਆ ਤਾਂ ਉਸ ‘ਚ ਆਰਐਮਸੀ ਐਂਡ੍ਰਾਈਡ ਸੇਲ ਰਿਕਾਰਡਰ ਸਾਫਟਵੇਅਰ ਇੰਸਟਾਲ ਸੀ। ਸੰਨੀ ਦੀ ਸੱਸ ਨੇ ਉਸ ‘ਤੇ ਵਿਆਹ ਦੀ ਵਰ੍ਹੇਗੰਢ ਤੋਂ ਇੱਕ ਦਿਨ ਪਹਿਲਾਂ ਯਾਨੀ 24 ਨਵੰਬਰ ਨੂੰ ਕੇਸ ਦਰਜ ਕਰਵਾ ਦਿੱਤਾ। ਸੰਨੀ ਦੇ ਵਿਆਹ ਨੂੰ ਅਜੇ ਇੱਕ ਸਾਲ ਵੀ ਨਹੀਂ ਸੀ ਹੋਇਆ। ਸੰਨੀ ਦੀ ਪਤਨੀ ਵੀ ਗੁਰੂਗ੍ਰਾਮ ਦੀ ਇੱਕ ਕੰਪਨੀ ‘ਚ ਐਗਜ਼ੀਕਿਊਟਿਵ ਹੈ। ਉਧਰ ਸੰਨੀ ਨੇ ਖੁਦ ‘ਤੇ ਲੱਗੇ ਇਲਜ਼ਾਮਾਂ ਨੂੰ ਝੂਠਾ ਕਰਾਰ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਉਸ ਦਾ ਸਹੁਰਾ ਪਰਿਵਾਰ ਦਹੇਜ ਮੰਗਣ ਤੇ ਪਤਨੀ ਨੂੰ ਉਸ ਦੇ ਗਹਿਣੇ ਨਾ ਦੇਣ ਦੇ ਇਲਜ਼ਾਮ ਵੀ ਲਾਏ ਸੀ। ਇਹ ਦੋਵੇਂ ਸ਼ਿਕਾਇਤਾਂ ਹੀ ਸੰਨੀ ਦਾ ਸਹੁਰਾ ਪਰਿਵਾਰ ਸਾਬਤ ਨਹੀਂ ਸੀ ਕਰ ਪਾਇਆ।