ਕੁਡੋਲੋਰ: ਅੰਬਰੀਂ ਚੜ੍ਹੀਆਂ ਤੇਲ ਦੀਆਂ ਕੀਮਤਾਂ ਕਾਰਨ ਜਿੱਥੇ ਇਹ ਆਮ ਆਦਮੀ ਦੇ ਵਿੱਤ ਤੋਂ ਬਾਹਰ ਹੁੰਦਾ ਜਾ ਰਿਹਾ ਹੈ, ਉੱਥੇ ਹੀ ਕੀਮਤਾਂ ਨੂੰ ਕਾਬੂ ਕਰਨ ਲਈ ਕੇਂਦਰ ਸਰਕਾਰ ਦੀ ਨਾਅਹਿਲੀਅਤ ਦਾ ਮਜ਼ਾਕ ਵੀ ਉਡਾਇਆ ਜਾਣ ਲੱਗਾ ਹੈ। ਮੋਦੀ ਸਰਕਾਰ ਦੀ ਲੋਕਾਂ ਵਿੱਚ ਉੱਡਦੀ ਖਿੱਲੀ ਦੀ ਤਾਜ਼ਾ ਉਦਾਹਰਣ ਤਾਮਿਲਨਾਡੂ ਤੋਂ ਆਈ ਹੈ, ਜਿੱਥੇ ਇੱਕ ਨੌਜਵਾਨ ਨੇ ਆਪਣੇ ਦੋਸਤ ਲਾੜੇ ਨੂੰ ਉਸ ਦੇ ਵਿਆਹ 'ਤੇ ਪੰਜ ਲੀਟਰ ਪੈਟਰੋਲ ਤੋਹਫ਼ੇ ਵਿੱਚ ਦਿੱਤਾ।

ਇੱਕ ਤਾਮਿਲ ਟੈਲੀਵਿਜ਼ਨ ਚੈਨਲ ਦੀ ਰਿਪੋਰਟ ਮੁਤਾਬਕ ਚੇਨਈ ਦੇ ਨੌਜਵਾਨ ਨੇ ਬੀਤੇ ਦਿਨੀਂ ਆਪਣੇ ਦੋਸਤ ਨੂੰ ਪੰਜ ਲੀਟਰ ਪੈਟਰੋਲ ਦੀ ਕੇਨੀ ਭਰ ਕੇ ਤੋਹਫੇ ਵਜੋਂ ਦਿੱਤੀ। ਚੈਨਲ ਨੇ ਤੋਹਫ਼ਾ ਵਟਾਉਣ ਦੀ 39 ਸੈਕੰਡ ਦੀ ਵੀਡੀਓ ਵੀ ਦਿਖਾਈ। ਨੌਜਵਾਨ ਦੇ ਇਸ ਤੋਹਫ਼ੇ ਨਾਲ ਉਸ ਦੀ ਨਵੀਂ ਭਰਜਾਈ ਤੇ ਵਿਆਹ 'ਚ ਸ਼ਰੀਕ ਹੋਏ ਸਾਰੇ ਮਹਿਮਾਨ ਖ਼ੂਬ ਹੱਸੇ।

ਜ਼ਿਕਰਯੋਗ ਹੈ ਕਿ ਤਾਮਿਲਨਾਡੂ ਵਿੱਚ ਪੈਟਰੋਲ 85.15 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ, ਜੋ ਦੇਸ਼ ਵਿੱਚ ਸਭ ਤੋਂ ਵੱਧ ਕੀਮਤਾਂ 'ਚੋਂ ਹੈ ਅਤੇ ਹੋਰ ਵਧ ਰਹੀ ਹੈ। ਇਸੇ ਕਾਰਨ ਉਕਤ ਨੌਜਵਾਨ ਨੇ ਆਪਣੇ ਦੋਸਤ ਨੂੰ ਇਹ 'ਬੇਸ਼ਕੀਮਤੀ' ਤੋਹਫ਼ਾ ਦੇਣ ਦੀ ਸੋਚੀ। ਪੈਟਰੋਲ ਤੋਹਫ਼ਾ ਦੇਣ ਸਮੇਂ ਦੀ ਤਸਵੀਰ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋ ਰਹੀ ਹੈ।