'ਬਾਹੂਬਲੀ' ਬਣਨ ਚੱਲੇ ਆਦਮੀ ਦੀ ਹਾਥੀ ਨੇ ਭੂਤਨੀ ਭੁਲਾਈ...!
ਏਬੀਪੀ ਸਾਂਝਾ | 14 Nov 2017 01:31 PM (IST)
ਕੇਰਲ: ਅਕਸਰ ਲੋਕ ਸਿਨੇਮਾ ਜਾਂ ਟੈਲੀਵਿਜ਼ਨ ਵਿੱਚ ਵਿਖਾਏ ਜਾਣ ਵਾਲੇ ਕਾਲਪਨਿਕ ਦ੍ਰਿਸ਼ਾਂ ਦੀ ਨਕਲ ਕਰਨ ਲੱਗ ਜਾਂਦੇ ਹਨ। ਇਸ ਦੇ ਨਤੀਜੇ ਵਜੋਂ ਜਿੱਥੇ ਉਹ ਆਪ ਸੱਟਾਂ ਖਾਂਦੇ ਹਨ, ਉੱਥੇ ਜ਼ਿੰਦਗੀ ਭਰ ਲਈ ਸਬਕ ਸਿੱਖ ਜਾਂਦੇ ਹਨ। 90ਵੇਂ ਦਹਾਕੇ ਵਿੱਚ ਆਏ ਹਰਮਨਪਿਆਰੇ ਟੈਲੀਵਿਜ਼ਨ ਲੜੀਵਾਰ 'ਸ਼ਕਤੀਮਾਲ' ਨੂੰ ਵੇਖ ਕੇ ਵੀ ਲੋਕ ਖਾਸ ਕਰ ਬੱਚੇ ਉਸ ਵਾਂਗ ਕਰਨ ਦੀ ਕੋਸ਼ਿਸ਼ ਕਰਦੇ ਸਨ ਤੇ ਸੱਟ ਖਾ ਬੈਠਦੇ ਸਨ। ਬੱਚੇ ਤਾਂ ਬੱਚੇ ਇੱਥੇ ਚੰਗੇ ਭਲੇ ਸਮਝਦਾਰ ਵਿਅਕਤੀ ਵੀ ਸਿਨੇਮਾ ਵੇਖਣ ਤੋਂ ਬਾਅਦ ਆਪਣੀ ਅਕਲ 'ਤੇ ਪਰਦਾ ਪਾ ਲੈਂਦੇ ਹਨ। ਕੇਰਲ ਦੇ ਇੱਕ ਜੰਗਲ ਵਿੱਚ ਮਸ਼ਹੂਰ ਫ਼ਿਲਮ ਬਾਹੂਬਲੀ ਦੇ ਇੱਕ ਦ੍ਰਿਸ਼ ਦੀ ਨਕਲ ਕਰਦੇ ਹੋਏ ਵਿਅਕਤੀ ਨੂੰ ਇੱਕ ਹਾਥੀ ਨੇ ਚੰਗਾ ਸਬਕ ਸਿਖਾਇਆ। ਫ਼ਿਲਮ ਦੇ ਇੱਕ ਦ੍ਰਿਸ਼ ਵਿੱਚ ਨਾਇਕ ਪ੍ਰਭਾਸ ਇੱਕ ਭੂਤਰੇ ਹੋਏ ਹਾਥੀ ਨੂੰ ਕਾਬੂ ਵਿੱਚ ਕਰਨ ਲਈ ਉਸ ਦੀ ਸੁੰਡ 'ਤੇ ਪੈਰ ਰੱਖਦਿਆਂ ਉਸ 'ਤੇ ਸਵਾਰ ਹੋ ਜਾਂਦਾ ਹੈ। ਇਸ ਤਰ੍ਹਾਂ ਉਹ ਇੱਕ ਗੁੱਸੇ ਵਿੱਚ ਆਏ ਹੋਏ ਹਾਥੀ ਨੂੰ ਆਪਣੇ ਬਾਹੂਬਲ ਨਾਲ ਕਾਬੂ ਵਿੱਚ ਕਰਕੇ ਲੋਕਾਂ ਤੋਂ ਵਾਹ-ਵਾਹ ਖੱਟਦਾ ਹੈ। ਪਰ ਇੱਥੋਂ ਦੇ ਇੱਕ ਆਮ ਇਨਸਾਨ ਨੂੰ 'ਬਾਹੂਬਲੀ' ਬਣਨਾ ਰਾਸ ਨਾ ਆਇਆ। ਉਸ ਨੇ ਵੀ ਫ਼ਿਲਮ ਵਾਲੇ ਸੀਨ ਦੀ ਨਕਲ ਕਰਨ ਦੀ ਕੋਸ਼ਿਸ਼ ਵਿੱਚ ਹਾਥੀ 'ਤੇ ਭੱਜ ਕੇ ਸਵਾਰ ਹੋਣਾ ਚਾਹਿਆ ਪਰ ਇਹ ਹਾਥੀ ਅਸਲੀ ਸੀ ਤੇ ਆਪਣਾ ਬਚਾਅ ਵੀ ਕਰਨਾ ਜਾਣਦਾ ਸੀ। ਉਸ ਨੂੰ ਆਪਣੇ ਵੱਲ ਆਉਂਦਾ ਵੇਖ ਹਾਥੀ ਨੇ ਆਪਣੇ ਬਚਾਅ ਵਿੱਚ ਉਸ ਨੂੰ ਐਸਾ ਪਟਕਾ ਦਿੱਤਾ ਕਿ ਉਹ ਦੂਰ ਜਾ ਡਿੱਗਾ। ਮੂਧੇ ਮੂੰਹ ਡਿੱਗਣ ਕਾਰਨ ਉਹ ਵਿਅਕਤੀ ਜ਼ਮੀਨ ਨਾਲ ਟਕਰਾਉਂਦਿਆਂ ਹੀ ਬੇਹੋਸ਼ ਹੋ ਜਾਂਦਾ ਹੈ। ਉਸ ਦੀ ਇਸ ਹਰਕਤ ਦੀ ਇੱਕ ਵਿਅਕਤੀ ਨੇ ਆਪਣੇ ਮੋਬਾਈਲ ਵਿੱਚ ਵੀਡੀਓ ਬਣਾ ਲਈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਵੀ ਹੋ ਰਹੀ ਹੈ। ਤੁਸੀਂ ਵੀ ਇਸ ਤੋਂ ਸਬਕ ਲਵੋ ਤੇ ਫ਼ਿਲਮਾਂ ਜਾਂ ਟੈਲੀਵਿਜ਼ਨ 'ਤੇ ਵਿਖਾਏ ਜਾਣ ਵਾਲੇ ਅਜਿਹੇ ਦ੍ਰਿਸ਼ਾਂ ਨੂੰ ਅਸਲੀ ਜ਼ਿੰਦਗੀ ਵਿੱਚ ਦੁਹਰਾਉਣ ਦੀ ਗ਼ਲਤੀ ਨਾ ਕਰੋ।