ਨਵੀਂ ਦਿੱਲੀ: ਦਿੱਲੀ ਨੂੰ ਪ੍ਰਦੂਸ਼ਣ ਤੋਂ ਥੋੜ੍ਹੀ ਰਾਹਤ ਮਿਲੀ ਹੈ ਪਰ ਧੁੰਦ ਬਰਕਰਾਰ ਹੈ। ਦਿੱਲੀ 'ਚ ਪਿਛਲੇ ਹਫਤੇ ਤੋਂ ਛਾਈ ਪ੍ਰਦੂਸ਼ਣ ਵਾਲੀ ਧੁੰਦ 'ਚ ਥੋੜ੍ਹਾ ਸੁਧਾਰ ਜ਼ਰੂਰ ਹੋਇਆ ਹੈ ਪਰ ਪ੍ਰੇਸ਼ਾਨੀ ਨਹੀਂ ਘੱਟ ਰਹੀ। ਸੋਮਵਾਰ ਨੂੰ ਹਵਾ 'ਚ ਪੀਐਮ 2.5 ਤੇ ਪੀਐਮ 10 ਦੇ ਪੱਧਰ 'ਚ ਗਿਰਾਵਟ ਦਰਜ ਕੀਤੀ ਗਈ। ਇਸ ਤੋਂ ਬਾਅਦ ਦੁਪਹਿਰ ਤੇਜ਼ ਧੁੱਪ ਹੋਣ ਕਾਰਨ ਵਾਤਾਵਰਨ 'ਚ ਥੋੜ੍ਹਾ ਸੁਧਾਰ ਹੋਇਆ।

ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਸੋਮਵਾਰ ਸਵੇਰੇ 5.30 ਵਜੇ ਵਿਜੀਬਿਲਟੀ 500 ਮੀਟਰ ਦਰਜ ਕੀਤੀ ਗਈ। ਇਹ ਸਵੇਰੇ 8.30 ਵਜੇ ਘੱਟ ਕੇ 400 ਰਹਿ ਗਈ ਸੀ। ਇਸ ਤੋਂ ਬਾਅਦ ਦਿਨ 'ਚ ਧੁੱਪ ਤੇਜ਼ ਹੋਣ ਕਾਰਨ ਦੁਪਹਿਰ 2.30 ਵਜੇ ਵਿਜੀਬਿਲਟੀ 140 ਹੋ ਗਈ ਸੀ। ਸੋਮਵਾਰ ਸਵੇਰੇ ਘੱਟ ਵਿਜੀਬਿਲਟੀ ਕਾਰਨ ਰੇਲ ਵਿਭਾਗ ਨੂੰ 14 ਟ੍ਰੇਨਾਂ ਰੱਦ ਕਰਨੀਆਂ ਪਈਆਂ। ਦਿੱਲੀ ਦਾ ਜ਼ਿਆਦਾਤਰ ਤਾਪਮਾਨ ਸੋਮਵਾਰ ਨੂੰ 28.5 ਡਿਗਰੀ ਸੈਲਸੀਅਸ ਤੇ ਘੱਟੋ-ਘੱਟ 12.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਥੇ ਹਵਾ ਦੀ ਨਮੀ ਦਾ ਲੈਵਲ 39 ਤੋਂ 98 ਫੀਸਦੀ ਹੋ ਗਿਆ।

ਮੌਸਮ ਵਿਭਾਗ ਨੇ ਹਾਲਾਤ ਦੇ ਮੱਦੇਨਜ਼ਰ ਅੱਜ ਦਿੱਲੀ ਤੇ ਨੇੜੇ-ਤੇੜੇ ਦੇ ਇਲਾਕਿਆਂ 'ਚ ਬੱਦਲ ਰਹਿਣ ਤੇ ਹਲਕੇ ਕੋਹਰੇ ਦੀ ਸੰਭਾਵਨਾ ਦੱਸੀ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ 14 ਤੇ 15 ਨਵੰਬਰ ਨੂੰ ਹਲਕੀ ਬਾਰਸ਼ ਦੇ ਆਸਾਰ ਦੱਸੇ ਹਨ। ਬਾਰਸ਼ ਤੋਂ ਬਾਅਦ ਧੁੰਧ ਤੋਂ ਰਾਹਤ ਦੀ ਉਮੀਦ ਹੈ।