ਮੇਰਠ: ਦੀਵਾਲੀ ਦੇ ਤਿਓਹਾਰ ਸਮੇਂ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਅੱਧਖੜ ਉਮਰ ਦੇ ਵਿਅਕਤੀ ਨੇ ਤਿੰਨ ਸਾਲਾਂ ਦੀ ਮਾਸੂਮ ਬੱਚੀ ਦੇ ਮੂੰਹ ‘ਚ ਦੇਸੀ ਬੰਬ ਰੱਖ ਕੇ ਅੱਗ ਲਾ ਦਿੱਤੀ। ਪਟਾਕਾ ਚੱਲਣ ਕਾਰਨ ਬੱਚੀ ਗੰਭੀਰ ਜ਼ਖ਼ਮੀ ਹੋ ਗਈ।

ਇਹ ਘਟਨਾ ਬੀਤੇ ਮੰਗਲਵਾਰ ਨੂੰ ਮੇਰਠ ਦੇ ਸਰਧਨਾ ਜ਼ਿਲ੍ਹੇ ਵਿੱਚ ਵਾਪਰੀ। ਹਰਪਾਲ ਨਾਂਅ ਦੇ ਵਿਅਕਤੀ ਨੇ ਗਲੀ ‘ਚ ਖੇਡ ਰਹੀ ਚੱਬੀ ਦੇ ਮੂੰਹ ‘ਚ ਪਟਾਕਾ ਰੱਖ ਕੇ ਉਸ ਨੂੰ ਅੱਗ ਲਗਾ ਦਿੱਤੀ। ਇਸ ਧਮਾਕੇ ਨਾਲ ਬੱਚੀ ਬੁਰੀ ਤਰੀਕੇ ਨਾਲ ਜ਼ਖ਼ਮੀ ਹੋ ਗਈ ਅਤੇ ਉਸ ਨੂੰ ਇਲਾਜ਼ ਲਈ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ।

ਬੱਚੀ ਦੇ ਮੂੰਹ ‘ਤੇ 50 ਟਾਂਕੇ ਲੱਗੇ ਹਨ ਅਤੇ ਉਸ ਦੇ ਗਲੇ ਵਿੱਚ ਇਨਫੈਕਸ਼ਨ ਫੈਲ ਗਈ ਹੈ। ਬੱਚੀ ਨੂੰ ਜ਼ਖ਼ਮੀ ਹਾਲਤ ‘ਚ ਦੇਖ ਲੋਕਾਂ ਨੇ ਮੁਲਜ਼ਮ ਨੂੰ ਫੜਣ ਦੀ ਕੋਸ਼ਿਸ਼ ਕੀਤੀ, ਪਰ ਹਰਪਾਲ ਲੋਕਾਂ ਦੇ ਹੱਥ ਨਹੀਂ ਆਇਆ। ਬੱਚੀ ਦੇ ਪਿਤਾ ਸ਼ਸ਼ੀ ਕੁਮਾਰ ਨੇ ਆਪਣੀ ਸ਼ਿਕਾਇਤ ਦਰਜ ਕਰਵਾ ਦੋਸ਼ੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਮਾਮਲੇ ‘ਚ ਅਜੇ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਜਾਂਚ ਕਰ ਰਹੀ ਹੈ।