ਨਵੀਂ ਦਿੱਲੀ: ਸੰਸਦ ਭਵਨ ਕੰਪਲੈਕਸ ਵਿੱਚ ਸੋਮਵਾਰ ਨੂੰ ਇੱਕ ਸ਼ੱਕੀ ਵਿਅਕਤੀ ਨੇ ਚਾਕੂ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਸ਼ੀ ਮੋਟਰਸਾਈਕਲ 'ਤੇ ਸੰਸਦ ਪੁੱਜਾ। ਜਾਂਚ ਦੌਰਾਨ ਪਤਾ ਚੱਲਿਆ ਕਿ ਉਸ ਦਾ ਨਾਂ ਸਾਗਰ ਇੰਸਾ ਹੈ। ਪੁਲਿਸ ਤੇ ਹੋਰ ਜਾਂਚ ਏਜੰਸੀਆਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ।
ਸਾਗਰ ਦਿੱਲੀ ਦੇ ਲਕਸ਼ਮੀ ਨਗਰ ਇਲਾਕੇ ਦਾ ਰਹਿਣ ਵਾਲਾ ਹੈ ਤੇ ਬਲਾਤਕਾਰ ਦੇ ਦੋਸ਼ੀ ਰਾਮ ਰਹੀਮ ਦਾ ਚੇਲਾ ਹੈ। ਦੱਸਿਆ ਜਾ ਰਿਹਾ ਹੈ ਕਿ ਸੰਸਦ ਵਿੱਚ ਉਸ ਨੇ ਰਾਮ ਰਹੀਮ ਦੇ ਨਾਅਰੇ ਵੀ ਲਾਏ। ਫਿਲਹਾਲ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਕੱਟ ਰਿਹਾ ਹੈ। ਅਦਾਲਤ ਨੇ ਉਸ ਨੂੰ ਦੋ ਮਾਮਲਿਆਂ ਵਿੱਚ 20-20 ਸਾਲ ਦੀ ਸਜ਼ਾ ਸੁਣਾਈ ਸੀ।
ਦੱਸ ਦੇਈਏ ਹਾਲ ਹੀ ਵਿੱਚ ਰਾਮ ਰਹੀਮ ਨੇ ਆਪਣੀ ਮਾਂ ਦੀ ਸੇਵਾ ਦਾ ਹਵਾਲਾ ਦਿੰਦਿਆਂ ਜੇਲ੍ਹ ਤੋਂ ਪੈਰੋਲ ਦੀ ਅਰਜ਼ੀ ਲਾਈ ਸੀ ਪਰ ਨਾਕਾਮਯਾਬ ਰਿਹਾ। ਇਸ ਤੋਂ ਪਹਿਲਾਂ ਵੀ ਉਸ ਵੱਲੋਂ 3 ਵਾਰ ਪੈਰੋਲ ਦੀ ਅਰਜ਼ੀ ਦਾਖ਼ਲ ਕਰਵਾਈ ਗਈ ਪਰ ਹਰ ਵਾਰ ਉਸ ਦੀ ਦਰਖ਼ਾਸਤ ਮਨਜ਼ੂਰ ਨਹੀਂ ਕੀਤੀ ਗਈ। ਰਾਮ ਰਹੀਮ ਜੇਲ੍ਹੋਂ ਬਾਹਰ ਨਿਕਲਣ ਲਈ ਕਾਹਲਾ ਹੈ। ਇਸ ਲਈ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।