ਮੁੰਬਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਿਸਕਵਰੀ ਚੈਨਲ ਦੇ ਪ੍ਰਸਿੱਧ ਪ੍ਰੋਗਰਾਮ 'ਮੈਨ ਵਰਸਿਜ਼ ਵਾਈਲਡ' ਵਿੱਚ ਬੇਅਰ ਗ੍ਰਿਲਜ਼ ਨਾਲ ਕੀਤੇ ਗਏ ਐਪੀਸੋਡ ਨੇ ਖ਼ਾਸ ਰਿਕਾਰਡ ਕਾਇਮ ਕਰ ਲਿਆ ਹੈ। ਇਸ ਐਪੀਸੋਡ ਨੂੰ 36,90,000 ਇਮਪ੍ਰੈਸ਼ਨਜ਼ ਮਿਲੇ ਹਨ। ਇਹ ਇੱਕ ਮੀਟ੍ਰਿਕ ਹੈ ਜਿਸ ਦਾ ਮਤਲਬ ਹੈ ਕਿ ਕਿੰਨੇ ਦਰਸ਼ਕਾਂ ਨੇ ਟੀਵੀ ਪ੍ਰੋਗਰਾਮ ਵੇਖਿਆ ਤੇ ਉਸ ਨੂੰ ਵੇਖਣ ਵਿੱਚ ਸਮਾਂ ਬਤੀਤ ਕੀਤਾ।


ਮੋਦੀ ਦੇ ਇਸ ਵਿਸ਼ੇਸ਼ ਐਪੀਸੋਡ ਨੂੰ ਗ੍ਰਿਲਜ਼ ਨਾਲ 'ਜਿਮ ਕਾਰਬੇਟ' ਨੈਸ਼ਨਲ ਪਾਰਕ ਵਿੱਚ ਸ਼ੂਟ ਕੀਤਾ ਗਿਆ ਸੀ। ਬੇਅਰ ਗ੍ਰਿਲਜ਼ ਆਪਣੇ ਪ੍ਰੋਗਰਾਮ ਵਿੱਚ ਦੱਸਦੇ ਹਨ ਕਿ ਜੇ ਤੁਸੀਂ ਕਿਸੇ ਭਿਆਨਕ ਥਾਂ ਫਸ ਜਾਓ ਤਾਂ ਅਜਿਹੀ ਹਾਲਾਤਾਂ ਵਿੱਚ ਜਿਊਂਦੇ ਕਿਵੇਂ ਰਹਿਣਾ ਹੈ। ਇਹ ਪ੍ਰੋਗਰਾਮ ਡਿਸਕਵਰੀ ਚੈਨਲ 'ਤੇ 12 ਅਗਸਤ ਨੂੰ ਰਾਤ 9 ਵਜੇ ਪ੍ਰਸਾਰਿਤ ਕੀਤਾ ਗਿਆ ਸੀ।


ਚੈਨਲ ਨੇ ਇੱਕ ਬਿਆਨ ਵਿੱਚ ਬ੍ਰੌਡਕਾਸਟ ਆਡੀਅੰਸ ਰਿਸਰਚ ਕੌਂਸਲ (ਬੀਏਆਰਸੀ) ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਐਪੀਸੋਡ ਨੇ ਸਭ ਤੋਂ ਵੱਧ ਵੇਖੇ ਜਾਣ ਵਾਲੇ ਪ੍ਰੋਗਰਾਮ ਦਾ ਰਿਕਾਰਡ ਕਾਇਮ ਕਰ ਲਿਆ ਹੈ। ਲਗਪਗ 61 ਲੱਖ ਲੋਕਾਂ ਨੇ ਇਸ ਪ੍ਰੋਗਰਾਮ ਨੂੰ ਵੇਖਣ ਲਈ ਡਿਸਕਵਰੀ ਚੈਨਲ ਲਾਇਆ, ਜੋ ਪਿਛਲੇ ਚਾਰ ਹਫ਼ਤਿਆਂ ਵਿੱਚ ਸ਼ਹਿਰੀ ਬਾਜ਼ਾਰ ਵਿੱਚ ਰਾਤ 9-10 ਵਜੇ ਦੇ ਨਿਰਧਾਰਤ ਸਮੇਂ ਦੇ ਪ੍ਰੋਗਰਾਮ ਦੇ ਔਸਤ ਤੋਂ 15 ਗੁਣਾ ਵੱਧ ਹੈ।


ਚੈਨਲ ਨੇ ਕਿਹਾ, 'ਡਿਸਕਵਰੀ ਚੈਨਲ ਸਟਾਰ ਪਲੱਸ (36.7 ਲੱਖ ਇਮਪ੍ਰੈਸ਼ਨਜ਼) ਤੇ ਜ਼ੀ (33 ਲੱਖ ਇਮਪ੍ਰੈਸ਼ਨਜ਼) ਤੋਂ ਬਾਅਦ 30.5 ਲੱਖ ਇਮਪ੍ਰੈਸ਼ਨਜ਼ ਨਾਲ ਤੀਜੇ ਨੰਬਰ 'ਤੇ ਰਿਹਾ। ਪ੍ਰੋਗਰਾਮ ਦੀ ਬੇਮਿਸਾਲ ਸਫਲਤਾ ਦੇ ਮੱਦੇਨਜ਼ਰ, ਚੈਨਲ ਨੇ 'ਕੁਝ' ਰਕਮ ਭਾਰਤ ਵਿੱਚ ਬਾਘ ਸੁਰੱਖਿਆ ਲਈ ਦਾਨ ਦੇਣ ਦਾ ਸੰਕਲਪ ਕੀਤਾ ਹੈ।