ਕੇਂਦਰੀ ਮੰਤਰੀ ਨੇ ਕੀਤੀ ਤੇਜ਼ਾਬ ਹਮਲਾਵਰਾਂ ਲਈ ਮੌਤ ਦੀ ਸਜ਼ਾ ਦੀ ਪੈਰਵੀ
ਏਬੀਪੀ ਸਾਂਝਾ | 08 Oct 2016 01:55 PM (IST)

ਨਵੀਂ ਦਿੱਲੀ : ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਮਹਿਲਾਵਾਂ 'ਤੇ ਤੇਜ਼ਾਬ ਸੁੱਟਣ ਵਾਲਿਆਂ ਦੇ ਲਈ ਮੌਤ ਦੀ ਸਜ਼ਾ ਦੀ ਪੈਰਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਤੇਜ਼ਾਬ ਪੀੜਤਾਂ ਦੀ ਹਾਲਤ ਵੇਖ ਕੇ ਮੇਰਾ ਖ਼ੂਨ ਖੌਲਦਾ ਹੈ। ਮਨੀਪੁਰ ਦੇ ਰਾਜਪਾਲ ਡਾਕਟਰ ਨਜ਼ਮਾ ਹੇਪਤੁੱਲਾ ਨੇ ਤੇਜ਼ਾਬ ਸੁੱਟਣ ਨੂੰ ਸਭ ਤੋਂ ਮਾੜਾ ਅਪਰਾਧ ਦੱਸਿਆ। ਮੇਨਕਾ ਅਤੇ ਨਜ਼ਮਾ ਇੱਥੇ ਸੀਨੀਅਰ ਪੱਤਰਕਾਰ ਪ੍ਰਭਾ ਜੋਤੀ ਦੀ ਕਿਤਾਬ 'ਏਸਿਡ ਵਾਲੀ ਲੜਕੀ' ਦੀ ਘੁੰਡ-ਚੁਕਾਈ ਸਮਾਗਮ ਵਿੱਚ ਬੋਲ ਰਹੇ ਸਨ। ਮੇਨਕਾ ਨੇ ਕਿਹਾ, 'ਤੇਜ਼ਾਬ ਪੀੜੀਤਾਵਾਂ ਦੀ ਹਾਲਤ ਵੇਖ ਕੇ ਖ਼ੂਨ ਖੌਲਦਾ ਹੈ। ਤੇਜ਼ਾਬ ਸੁੱਟਣ ਨਾਲ ਬੁਰੀ ਕੋਈ ਚੀਜ਼ ਨਹੀਂ ਹੁੰਦੀ। ਅੱਜ ਇਨਸਾਨ ਹੀ ਇਨਸਾਨ 'ਤੇ ਜ਼ੁਲਮ ਕਰ ਰਿਹਾ ਹੈ।' ਉਨ੍ਹਾਂ ਕਿਹਾ ਕਿ ਮੇਰਾ ਵੱਸ ਚੱਲੇ ਤਾਂ ਮੈਂ ਇਨ੍ਹਾਂ ਨੂੰ ਮੌਤ ਦੀ ਸਜ਼ਾ ਦਿਆਂ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਮੰਗ ਕੀਤੀ ਜਾਂਦੀ ਹੈ ਕਿ ਤੇਜ਼ਾਬ ਪੀੜੀਤਾਵਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਏ। ਪਰ ਕਲਰਕ ਜਾਂ ਟਾਈਪਿਸਟ ਦੀ ਨੌਕਰੀ ਉਨ੍ਹਾਂ ਦੇ ਲੈਵਲ ਦੀ ਨਹੀਂ ਹੈ। ਜੇਕਰ ਉਹ ਇਸ ਘਟਨਾ ਦਾ ਸ਼ਿਕਾਰ ਨਾ ਹੁੰਦੀਆਂ ਤਾਂ ਉਹ ਅਧਿਆਪਕ ਜਾਂ ਕਿਸੇ ਹੋਰ ਖੇਤਰ ਵਿੱਚ ਆਪਣੀ ਕਲਾ ਦਾ ਜੌਹਰ ਵਿਖਾਉਂਦਿਆਂ। ਰਾਜਪਾਲ ਨੇ ਕਾਨੂੰਨੀ ਪ੍ਰਕ੍ਰਿਆ 'ਤੇ ਕਿਹਾ, 'ਇਨ੍ਹਾਂ ਮਾਮਲਿਆਂ 'ਤੇ ਜੇਕਰ ਜਲਦੀ ਫ਼ੈਸਲਾ ਹੋਵੇ ਤੇ ਦੋਸ਼ੀਆਂ ਨੂੰ ਸਜ਼ਾ ਮਿਲੇ ਤਾਂ ਲੋਕਾਂ ਦੇ ਮਨਾਂ ਵਿੱਚ ਡਰ ਪੈਦਾ ਹੋਵੇਗਾ।'