ਨਵੀਂ ਦਿੱਲੀ: ਜੇਕਰ ਪਤਨੀ ਆਪਣੇ ਪਤੀ ਨੂੰ ਮਾਤਾ ਪਿਤਾ ਤੋਂ ਅਲੱਗ ਰਹਿਣ ਲਈ ਮਜਬੂਰ ਕਰਦੀ ਹੈ ਤਾਂ ਪਤੀ ਨੂੰ ਤਲਾਕ ਲੈਣ ਦਾ ਅਧਿਕਾਰ ਹੈ। ਇਹ ਵੱਡਾ ਫੈਸਲਾ ਦੇਸ਼ ਦੀ ਸਰਵਉੱਚ ਅਦਾਲਤ ਨੇ ਸੁਣਾਇਆ ਹੈ। ਸੁਪਰੀਮ ਕੋਰਟ ਨੇ ਇਕ ਜੋੜੇ ਦੇ ਤਲਾਕ ਮਾਮਲੇ 'ਚ ਅਹਿਮ ਫੈਸਲਾ ਸੁਣਾਉਂਦੇ ਹੋਏ ਟਿੱਪਣੀ ਕੀਤੀ ਹੈ ਕਿ ਜੇਕਰ ਪਤਨੀ ਬਿਨ੍ਹਾਂ ਕਿਸੇ ਠੋਸ ਕਾਰਨ ਆਪਣੇ ਪਤੀ 'ਤੇ ਪਰਿਵਾਰ ਤੋਂ ਅਲੱਗ ਰਹਿਣ ਦਾ ਦਬਾਅ ਪਾਉਂਦੀ ਹੈ ਤਾਂ, ਇਹ ਹਰਕਤ ਵੀ ਉਤਪੀੜਨ ਦੇ ਦਾਇਰੇ 'ਚ ਆਵੇਗੀ। ਅਜਿਹੇ 'ਚ ਪਤੀ ਤਲਾਕ ਲੈਣ ਦਾ ਹੱਕਦਾਰ ਹੈ।
ਸੁਪਰੀਮ ਕੋਰਟ ਨੇ ਕਿਹਾ ਕਿ ਮੌਜੂਦਾ ਮਾਮਲੇ 'ਚ ਪਤਨੀ ਨੇ ਆਤਮ-ਹੱਤਿਆ ਦੀ ਕੋਸ਼ਿਸ਼ ਕੀਤੀ ਅਤੇ ਧਮਕੀਆਂ ਦਿੱਤੀਆਂ, ਨਾਲ ਹੀ ਪਤੀ 'ਤੇ ਇਸ ਗੱਲ ਲਈ ਦਬਾਅ ਪਾਇਆ ਕਿ ਉਹ ਆਪਣੇ ਪਰਿਵਾਰ ਨੂੰ ਛੱਡ ਦੇਵੇ। ਜਦਕਿ ਪਤੀ ਦੇ ਮਾਤਾ-ਪਿਤਾ ਉਸੇ 'ਤੇ ਹੀ ਆਰਥਿਕ ਤੌਰ 'ਤੇ ਨਿਰਭਰ ਸਨ। ਔਰਤ ਨੇ ਪਤੀ 'ਤੇ ਅਫੇਅਰ ਦਾ ਝੂਠਾ ਇਲਜ਼ਾਮ ਵੀ ਲਗਾਇਆ। ਇਨ੍ਹਾਂ ਸਾਰੀਆਂ ਹਰਕਤਾਂ ਨੂੰ ਸੁਪਰੀਮ ਕੋਰਟ ਨੇ ਜ਼ਾਲਮਾਨਾ ਮੰਨਿਆ ਅਤੇ ਇਸ ਆਧਾਰ 'ਤੇ ਪਤੀ ਦੇ ਪੱਖ 'ਚ ਤਲਾਕ ਨੂੰ ਮੰਨਜ਼ੂਰੀ ਦੇ ਦਿੱਤੀ।


ਜਸਟਿਸ ਏ. ਆਰ ਦਵੇ ਅਤੇ ਜਸਟਿਸ ਐੱਲ. ਨਾਗੇਸ਼ਵਰ ਰਾਵ ਦੇ ਬੈਚ ਨੇ ਆਪਣੇ ਫੈਸਲੇ 'ਚ ਕਿਹਾ ਕਿ ਬੇਟੇ ਵੱਲੋਂ ਮਾਤਾ-ਪਿਤਾ ਦੀ ਦੇਖਭਾਲ ਕਰਨਾ ਭਾਰਤੀ ਸੰਸਕ੍ਰਿਤੀ ਦਾ ਹਿੱਸਾ ਹੈ। ਪਰ ਇਸ ਮਾਮਲੇ 'ਚ ਪਤਨੀ ਚਾਹੁੰਦੀ ਸੀ ਕਿ ਉਸ ਦਾ ਪਤੀ ਆਪਣੇ ਪਰਿਵਾਰ ਤੋਂ ਅਲੱਗ ਹੋ ਜਾਵੇ, ਜਦਕਿ ਪਤੀ ਦੀ ਆਮਦਨੀ 'ਤੇ ਉਸ ਦੇ ਮਾਤਾ-ਪਿਤਾ ਨਿਰਭਰ ਸਨ। ਕਿਹਾ ਗਿਆ ਕਿ ਭਾਰਤੀ ਸੰਸਕ੍ਰਿਤੀ 'ਚ ਅਜਿਹਾ ਚਲਣ ਨਹੀਂ ਹੈ ਕਿ ਕੋਈ ਲੜਕਾ ਵਿਆਹ ਤੋਂ ਬਾਅਦ ਪਤਨੀ ਦੇ ਕਹਿਣ 'ਤੇ ਆਪਣੇ ਪਰਿਵਾਰ ਤੋਂ ਅਲੱਗ ਹੋ ਜਾਵੇ।