ਮੰਡੀ : ਆਮ ਆਦਮੀ ਪਾਰਟੀ ਨੇ ਹਿਮਾਚਲ ਵਿੱਚ ਆਪਣੀ ਚੋਣ ਮੁਹਿੰਮ ਤੇਜ਼ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਮੁੱਖ ਮੰਤਰੀ ਜੈ ਰਾਮ ਠਾਕੁਰ ਦੇ ਗ੍ਰਹਿ ਜ਼ਿਲ੍ਹੇ ਮੰਡੀ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਹਿਮਾਚਲ ਦੇ ਲੋਕਾਂ ਨੂੰ 6 ਹੋਰ ਗਾਰੰਟੀਆਂ ਦਿੱਤੀਆਂ ਹਨ।


 

ਕੇਜਰੀਵਾਲ ਦੀ ਰੁਜ਼ਗਾਰ ਗਾਰੰਟੀ

 

ਮਨੀਸ਼ ਸਿਸੋਦੀਆ ਨੇ ਕਿਹਾ ਕਿ ਹਰ ਬੇਰੋਜ਼ਗਾਰ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਨੌਕਰੀ ਨਹੀਂ ਮਿਲਦੀ, ਓਦੋਂ ਤੱਕ ਹਰ ਬੇਰੁਜ਼ਗਾਰ ਨੂੰ 3000 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ। 6 ਲੱਖ ਦੇ ਕਰੀਬ ਸਰਕਾਰੀ ਨੌਕਰੀਆਂ ਵਿੱਚ ਬੇਰੁਜ਼ਗਾਰ ਭਰਤੀ ਕੀਤੇ ਜਾਣਗੇ। ਪੇਪਰ ਲੀਕ ਵਿਰੁੱਧ ਕਾਨੂੰਨ ਬਣਾ ਕੇ ਸਖ਼ਤ ਸਜ਼ਾ ਦਾ ਪ੍ਰਬੰਧ ਕੀਤਾ ਜਾਵੇਗਾ। ਇਹ ਯਕੀਨੀ ਬਣਾਇਆ ਜਾਵੇਗਾ ਕਿ ਪੇਪਰ ਲੀਕ ਹੋਣ ਤੋਂ ਬਿਨਾਂ ਸਾਰੀਆਂ ਪ੍ਰੀਖਿਆਵਾਂ ਸਮਾਂ ਸੀਮਾ ਦੇ ਅੰਦਰ ਮੁਕੰਮਲ ਹੋਣ। ਸਹਿਕਾਰੀ ਖੇਤਰ ਦੀਆਂ ਨੌਕਰੀਆਂ ਦੀ ਭਰਤੀ ਵਿੱਚ ਭ੍ਰਿਸ਼ਟਾਚਾਰ ਅਤੇ ਸਿਫ਼ਾਰਸ਼ਾਂ ਨੂੰ ਖ਼ਤਮ ਕਰਕੇ ਪਾਰਦਰਸ਼ਤਾ ਲਿਆਂਦੀ ਜਾਵੇਗੀ। ਆਮ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਦਿੱਤੇ ਜਾਣਗੇ।

 

 ਬਾਗਬਾਨਾਂ ਅਤੇ ਕਿਸਾਨਾਂ ਲਈ ਕੇਜਰੀਵਾਲ ਦੀ ਗਰੰਟੀ

ਬਾਗਬਾਨਾਂ ਅਤੇ ਕਿਸਾਨਾਂ ਨੂੰ ਉਚਿਤ ਸਮਰਥਨ ਮੁੱਲ ਦਿੱਤਾ ਜਾਵੇਗਾ। ਕੀਟਨਾਸ਼ਕਾਂ, ਖਾਦਾਂ ਅਤੇ ਬੀਜਾਂ ਦੀ ਬਿਹਤਰ ਉਪਲਬਧਤਾ ਸਸਤੇ ਭਾਅ 'ਤੇ ਕੀਤੀ ਜਾਵੇਗੀ। ਮੰਡੀਆਂ, ਕੋਲਡ ਸਟੋਰੇਜ ਅਤੇ ਫੂਡ ਪ੍ਰੋਸੈਸਿੰਗ ਯੂਨਿਟਾਂ ਦਾ ਨਿਰਮਾਣ ਉਤਪਾਦ ਦੀ ਸਟੋਰੇਜ, ਪ੍ਰੋਸੈਸਿੰਗ ਅਤੇ ਵਿਕਰੀ ਲਈ ਕੀਤਾ ਜਾਵੇਗਾ। ਹਿਮਾਚਲ ਵਿੱਚ ਸੇਬਾਂ ਦੀ ਪੈਕਿੰਗ ਲਈ ਸਸਤੇ ਡੱਬਿਆਂ ਅਤੇ ਟ੍ਰੇਆਂ ਦਾ ਘਰੇਲੂ ਉਤਪਾਦਨ ਯਕੀਨੀ ਬਣਾਇਆ ਜਾਵੇਗਾ।

 

 ਵਪਾਰੀਆਂ ਅਤੇ ਸੈਰ ਸਪਾਟੇ ਲਈ ਕੇਜਰੀਵਾਲ ਦੀ ਗਾਰੰਟੀ

ਹਿਮਾਚਲ ਦੇ ਵਪਾਰੀਆਂ ਲਈ ਡਰ ਦਾ ਮਾਹੌਲ ਖਤਮ ਹੋਵੇਗਾ। ਹਿਮਾਚਲ ਦੇ ਸਾਰੇ ਵਪਾਰੀਆਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ।  ਹਿਮਾਚਲ ਦੇ ਵਪਾਰੀਆਂ ਨੂੰ ਛਾਪੇਮਾਰੀ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਕਰਵਾਇਆ ਜਾਵੇਗਾ। VAT Amnesty ਸਕੀਮ ਸ਼ੁਰੂ ਕੀਤੀ ਜਾਵੇਗੀ ਅਤੇ ਛੇ ਮਹੀਨਿਆਂ ਦੇ ਅੰਦਰ ਵੈਟ ਰਿਫੰਡ ਦਿੱਤਾ ਜਾਵੇਗਾ। ਹਰ ਖੇਤਰ ਦੇ ਵਪਾਰੀਆਂ ਦੀ ਨੁਮਾਇੰਦਗੀ ਕਰਕੇ ਇੱਕ ਸਲਾਹਕਾਰ ਬੋਰਡ ਬਣਾਇਆ ਜਾਵੇਗਾ ਅਤੇ ਹਿਮਾਚਲ ਦੇ ਵਪਾਰੀਆਂ ਨੂੰ ਸਰਕਾਰ ਵਿੱਚ ਭਾਈਵਾਲ ਬਣਾਇਆ ਜਾਵੇਗਾ। ਸੈਰ ਸਪਾਟਾ ਉਦਯੋਗ ਨਾਲ ਸਬੰਧਤ ਕੰਮਾਂ ਦੀ ਪ੍ਰਵਾਨਗੀ ਲਈ ਸਿੰਗਲ ਵਿੰਡੋ ਸਿਸਟਮ ਬਣਾਇਆ ਜਾਵੇਗਾ।

 
 ਕੇਜਰੀਵਾਲ ਦੀ ਭ੍ਰਿਸ਼ਟਾਚਾਰ ਮੁਕਤ ਗਰੰਟੀ

ਦਿੱਲੀ ਵਾਂਗ ਹਿਮਾਚਲ ਵਿੱਚ ਵੀ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਵੇਗਾ। ਤੁਹਾਨੂੰ ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਕੰਮ ਕਰਵਾਉਣ ਲਈ ਉੱਥੇ ਨਹੀਂ ਜਾਣਾ ਪਵੇਗਾ। ਦਿੱਲੀ ਵਾਂਗ ਫ਼ੋਨ ਨੰਬਰ ਜਾਰੀ ਕੀਤਾ ਜਾਵੇਗਾ।  ਤੁਸੀਂ ਕਾਲ ਕਰਕੇ ਕੰਮ ਦੱਸੋ, ਕੋਈ ਸਰਕਾਰੀ ਕਰਮਚਾਰੀ ਆ ਕੇ ਕੰਮ ਕਰੇਗਾ, ਤੁਹਾਨੂੰ ਕਿਸੇ ਨੂੰ ਰਿਸ਼ਵਤ ਦੇਣ ਦੀ ਲੋੜ ਨਹੀਂ ਹੈ

 

 ਕੇਜਰੀਵਾਲ ਦੀ ਤੀਰਥ ਯਾਤਰਾ ਗਾਰੰਟੀ

ਦਿੱਲੀ ਦੀ ਤਰ੍ਹਾਂ ਹਿਮਾਚਲ ਦੇ ਸਾਰੇ ਬਜ਼ੁਰਗਾਂ ਨੂੰ ਉਨ੍ਹਾਂ ਦੀ ਪਸੰਦ ਦੇ ਕਿਸੇ ਵੀ ਪਵਿੱਤਰ ਤੀਰਥ ਸਥਾਨ ਦੀ ਮੁਫ਼ਤ ਯਾਤਰਾ ਦੀ ਸਹੂਲਤ ਦਿੱਤੀ ਜਾਵੇਗੀ। ਉੱਥੇ ਆਉਣਾ-ਜਾਣਾ, ਖਾਣਾ-ਪੀਣਾ ਸਭ ਮੁਫਤ ਹੋਵੇਗਾ।

ਕੇਜਰੀਵਾਲ ਦੀ ਪੰਚਾਇਤੀ ਗਰੰਟੀ

ਹਰੇਕ ਗ੍ਰਾਮ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ਸਾਲਾਨਾ 10 ਲੱਖ ਰੁਪਏ ਦੀ ਗਰਾਂਟ ਦਿੱਤੀ ਜਾਵੇਗੀ। ਪੰਚਾਇਤ ਦੇ ਮੁਖੀ ਨੂੰ ਹਰ ਮਹੀਨੇ 10 ਹਜ਼ਾਰ ਮਾਣ ਭੱਤਾ ਦਿੱਤਾ ਜਾਵੇਗਾ।