ਨਵੀਂ ਦਿੱਲੀ: ਭਾਰਤ ਤੇ ਨੇਪਾਲ ਦੇ ਸਰਹੱਦੀ ਵਿਵਾਦ ਨੂੰ ਲੈ ਕਿ ਮਨੀਸ਼ਾ ਕੋਇਰਾਲਾ ਨੇ ਟਵਿੱਟਰ 'ਤੇ ਟਵੀਟ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਇਸ ਮਾਮਲੇ 'ਚ ਚੀਨ ਨੂੰ ਲਿਆਉਣ ਦੀ ਵੀ ਕੋਸ਼ਿਸ਼ ਕੀਤੀ ਹੈ। ਉਸ ਦੇ ਇਸ ਟਵੀਟ 'ਤੇ ਨੋਟਿਸ ਲੈਂਦਿਆਂ ਵਕੀਲ ਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਪਤੀ ਸਵਰਾਜ ਕੌਸ਼ਲ ਨੇ ਜਵਾਬ ਦਿੱਤਾ ਹੈ। ਮਨੀਸ਼ਾ ਕੋਇਰਾਲਾ ਨੇ ਭਾਰਤ ਦੇ ਨਾਲ ਸਰਹੱਦੀ ਵਿਵਾਦ ਦੇ ਵਿਚਕਾਰ ਨੇਪਾਲ ਦੇ ਨਵੇਂ ਸਿਆਸੀ ਨਕਸ਼ੇ ਦਾ ਸਮਰਥਨ ਕੀਤਾ ਸੀ ਜਿਸ ਤੋਂ ਬਾਅਦ ਉਸ ਨੂੰ ਟ੍ਰੋਲ ਕਰਨ ਵਾਲੇ ਟਵੀਟਜ਼ ਦੀ ਝੜੀ ਲੱਗ ਗਈ।



ਮਿਜ਼ੋਰਮ ਦੇ ਸਾਬਕਾ ਰਾਜਪਾਲ ਕੌਸ਼ਲ ਨੇ ਮਨੀਸ਼ਾ ਨੂੰ ਪੁੱਛਿਆ ਕਿ ਉਹ ਭਾਰਤ ਤੇ ਨੇਪਾਲ ਵਿਚਾਲੇ ਵਿਵਾਦਾਂ ਨੂੰ ਲੈ ਕੇ ਚੀਨ ਨੂੰ ਕਿਉਂ ਲੈ ਕੇ ਆਈ ਹੈ। ਨੇਪਾਲ ਨੇ ਬੁੱਧਵਾਰ ਨੂੰ ਵਿਵਾਦਤ ਖੇਤਰਾਂ ਜਿਵੇਂ ਲਿਪੁਲੇਖ, ਕਾਲਾਪਾਣੀ ਤੇ ਲਿਮਪੀਯਾਧੁਰਾ ਦੇ ਆਪਣੇ ਹਿੱਸੇ ਵਜੋਂ ਆਪਣਾ ਨਵਾਂ ਨਕਸ਼ਾ ਜਾਰੀ ਕੀਤਾ। ਨੇਪਾਲ ਦੇ ਸਮਰਥਨ ਵਿੱਚ ਟਵੀਟ ਕਰਨ ਦੇ ਨਾਲ-ਨਾਲ ਮਨੀਸ਼ਾ ਨੇ ਉਕਤ ਖੇਤਰਾਂ 'ਤੇ ਚੀਨ ਨੂੰ ਭਾਰਤ ਨਾਲ ਸਰਹੱਦੀ ਵਿਵਾਦ 'ਤੇ ਵੀ ਲਿਆਇਆ ਸੀ।



ਮਨੀਸ਼ਾ ਕੋਇਰਾਲਾ ਨੇ ਉਸ ਟਵੀਟ ਦੀ ਹਮਾਇਤ ਕੀਤੀ ਹੈ ਜਿਸ ਵਿੱਚ ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਗਿਆਵਾਲੀ ਨੇ ਨਕਸ਼ੇ ਵਿੱਚ ਵਿਵਾਦਿਤ ਖੇਤਰ ਸ਼ਾਮਲ ਕੀਤੇ ਹਨ। ਮਨੀਸ਼ਾ ਨੇ ਟਵੀਟ ਕਰਕੇ ਭਾਰਤ, ਨੇਪਾਲ ਤੇ ਚੀਨ ਦੇ ਸੰਦਰਭ ਵਿੱਚ ਕਿਹਾ, 'ਸਾਡੇ ਛੋਟੇ ਰਾਸ਼ਟਰ ਦੀ ਇੱਜ਼ਤ ਬਣਾਈ ਰੱਖਣ ਲਈ ਤੁਹਾਡਾ ਧੰਨਵਾਦ। ਅਸੀਂ ਸਾਰੇ ਹੁਣ ਤਿੰਨ ਮਹਾਨ ਦੇਸ਼ਾਂ ਵਿਚਾਲੇ ਸ਼ਾਂਤਮਈ ਅਤੇ ਵੱਕਾਰੀ ਸੰਵਾਦ ਦੀ ਉਮੀਦ ਕਰਦੇ ਹਾਂ।'

ਕਾਠਮਾਂਡੂ ਵਿੱਚ ਜਨਮੀ ਮਨੀਸ਼ਾ ਕੋਇਰਾਲਾ ਨੇਪਾਲੀ ਰਾਜਨੇਤਾ ਪ੍ਰਕਾਸ਼ ਕੋਇਰਾਲਾ ਦੀ ਧੀ ਹੈ। ਉਸ ਦੇ ਦਾਦਾ ਬਿਸ਼ੇਸ਼ਵਰ ਪ੍ਰਸਾਦ ਕੋਇਰਾਲਾ 1959 ਤੋਂ 1960 ਤੱਕ ਨੇਪਾਲ ਦੇ ਪ੍ਰਧਾਨ ਮੰਤਰੀ ਰਹੇ। ਮਨੀਸ਼ਾ ਦੇ ਟਵੀਟ ਤੋਂ ਬਾਅਦ ਸਵਰਾਜ ਕੌਸ਼ਲ ਨੇ ਮਨੀਸ਼ਾ ਨੂੰ 'ਮੁਸ਼ਕਲ ਹਾਲਾਤਾਂ' ਦੀ ਇੱਕ ਕਹਾਣੀ ਦੱਸੀ ਜੋ ਉਸ ਨੇ ਆਪਣੇ ਪਰਿਵਾਰ ਨਾਲ 'ਵੇਖੀ' ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ