ਚੰਡੀਗੜ੍ਹ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵਧ ਰਹੀ ਬੇਰੁਜ਼ਗਾਰੀ ਦੇ ਮੁੱਦੇ ’ਤੇ ਮੋਦੀ ਸਰਕਾਰ ਦੀ ਝਾੜਝੰਬ ਕੀਤੀ ਹੈ। ਉਨ੍ਹਾਂ ਕਿਹਾ ਕਿ ਖੇਤੀ ਦਾ ਵਧਦਾ ਸੰਕਟ, ਰੁਜ਼ਗਾਰ ਦੇ ਘਟਦੇ ਮੌਕੇ, ਵਾਤਾਵਰਨ ਵਿੱਚ ਆ ਰਹੀ ਗਿਰਾਵਟ ਤੇ ਇਸ ਤੋਂ ਵੀ ਉੱਪਰ ਫਿਰਕੂ ਤਾਕਤਾਂ ਦੇ ਰਹਿੰਦਿਆਂ ਦੇਸ਼ ਸਾਹਮਣੇ ਕਈ ਚੁਣੌਤੀਆਂ ਖੜ੍ਹੀਆਂ ਹੋ ਗਈਆਂ ਹਨ।
ਇਸ ਮੌਕੇ ਸਾਬਕਾ ਪੀਐਮ ਨਵੀਂ ਦਿੱਲੀ ਇੰਸਟੀਚਿਊਟ ਆਫ ਮੈਨੇਜਮੈਂਟ ਵਿੱਚ ਕਰਾਏ ਗਏ ਸੰਮੇਲਨ ਨੂੰ ਸੰਬੋਧਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਖ਼ੁਦਕੁਸ਼ੀਆਂ ਤੇ ਵਾਰ-ਵਾਰ ਹੋਣ ਵਾਲੇ ਕਿਸਾਨ ਅੰਦੋਲਨਾਂ ਨਾਲ ਸਾਡੀ ਅਰਥ ਵਿਵਸਥਾ ਦੇ ਡਾਵਾਂਡੋਲ ਹੋ ਰਹੇ ਢਾਂਚੇ ਬਾਰੇ ਪਤਾ ਲੱਗਦਾ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਗੰਭੀਰਤਾ ਨਾਲ ਵਿਸ਼ਲੇਸ਼ਣ ਕਰਨ ਤੇ ਸਿਆਸੀ ਇੱਛਾ ਸ਼ਕਤੀ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਰੁਜ਼ਗਾਰ ਦੇ ਮੌਕੇ ਪੈਦਾ ਨਾ ਹੋਣ ਕਰਕੇ ਹਾਲਾਤ ਵਿਗੜ ਗਏ ਹਨ ਤੇ ਨੌਜਵਾਨਾਂ ਵਿੱਚ ਅਸੰਤੋਸ਼ ਪੈਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਰੁਜ਼ਗਾਰ ਪੈਦਾ ਕਰਨ ਦੇ ਸਾਰੇ ਯਤਨ ਫੇਲ੍ਹ ਰਹੇ ਹਨ। ਉਦਯੋਗਿਕ ਵਾਧਾ ਦਰ ਓਨੀ ਤੇਜ਼ੀ ਨਾਲ ਨਹੀਂ ਵਧ ਰਹੀ ਜਿੰਨੀ ਜ਼ਰੂਰਤ ਮੁਤਾਬਕ ਵਧਣੀ ਚਾਹੀਦੀ ਹੈ।