ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪੀਐਮ ਨਰੇਂਦਰ ਮੋਦੀ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਕਿਹਾ ਕਿ ਰੁਜ਼ਗਾਰ, ਖੇਤੀ ਤੇ ਸੀਮਾ ਸੁਰੱਖਿਆ ਦੇ ਮਾਮਲੇ ਵਿੱਚ ਮੋਦੀ ਸਕਕਾਰ ਬਿਲਕੁਲ ਫੇਲ੍ਹ ਹੋ ਗਈ ਹੈ। ਉਨ੍ਹਾਂ ਕਿਹਾ ਕਿ ਚਾਰ ਸਾਲਾਂ ਵਿੱਚ ਸਰਕਾਰ ਚੋਣ ਵਾਅਦੇ ਪੂਰੇ ਕਰਨ ਵਿੱਚ ਵੀ ਅਸਫਲ ਰਹੀ ਹੈ। ਮਹਿਲਾਵਾਂ, ਦਲਿਤਾਂ ਤੇ ਘੱਟ ਗਿਣਤੀਆਂ ਵਿੱਚ ਅਸੁਰੱਖਿਆ ਦੀ ਭਾਵਨਾ ਹੈ। ਸਾਬਕਾ ਪੀਐਮ ਇਹ ਸਭ ਕਾਂਗਰਸ ਦੇ ਸੀਨੀਅਰ ਲੀਡਰ ਕਪਿਲ ਸਿੱਬਲ ਦੀ ਕਿਤਾਬ 'ਸ਼ੇਡਸ ਆਫ ਟਰੁੱਥ' ਨੂੰ ਲੋਕ ਅਰਪਣ ਕਰਨ ਮੌਕੇ ਬੋਲ ਰਹੇ ਹਨ। ਇਸ ਮੌਕੇ ਸਿੱਬਲ ਨੇ ਵੀ ਕਿਹਾ ਕਿ ਗਠਜੋੜ ਦੀ ਸਿਆਸਤ ਹੀ ਦੇਸ਼ ਨੂੰ ਅੱਗੇ ਲਿਜਾ ਸਕਦੀ ਹੈ।

ਇਸ ਮੌਕੇ ਕਾਂਗਰਸ ਦੇ ਕਈ ਸੀਨੀਅਰ ਲੀਡਰ ਮੌਜੂਦ ਸਨ। ਆਗਾਮੀ ਲੋਕ ਸਭਾ ਚੋਣਾਂ ’ਤੇ ਵੀ ਚਰਚਾ ਹੋਈ ਜਿਸ ਦੌਰਾਨ ਯੇਚੁਰੀ ਨੇ ਕਿਹਾ ਕਿ ਅਗਲੀਆਂ ਚੋਣਾਂ ਮੋਦੀ ਬਨਾਮ ਭਾਰਤ ਹੋਣਗੀਆਂ। ਕਪਿਲ ਸਿੱਬਲ ਨੇ ਆਪਣੀ ਨਵੀਂ ਕਿਤਾਬ ਵਿੱਚ ਮੋਦੀ ਸਰਕਾਰ ਦੇ ਚਾਰ ਸਾਲਾਂ ਦੀ ਰੱਜ ਕੇ ਆਲੋਚਨਾ ਕੀਤੀ ਹੈ। ਇਸਦੇ ਨਾਲ ਹੀ ਯੂਪੀਏ ਦੀ ਹਾਰ ਦੀ ਸਮੀਖਿਆ ਵੀ ਕੀਤੀ ਗਈ ਹੈ।

ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਕਿਸਾਨੀ ਸੰਕਟ ਨਾਲ ਨਜਿੱਠ ਨਹੀਂ ਸਕੀ। ਕਿਸਾਨ ਪੱਰਦਰਸ਼ਨ ਕਰ ਰਹੇ ਹਨ। ਨੌਜਵਾਨ ਹਰ ਸਾਲ 2 ਕਰੋੜ ਨੌਕਰੀਆਂ ਦਾ ਇੰਤਜ਼ਾਰ ਕਰ ਰਹੇ ਹਨ। ਚਾਰ ਸਾਲਾਂ ਵਿੱਚ ਰੁਜ਼ਗਾਰ ਦਰ ਘਟੀ ਹੈ। ਉਨ੍ਹਾਂ ਕਿਹਾ ਕਿ ਮਹਿਲਾ, ਦਲਿਤ ਤੇ ਘੱਟ ਗਿਣਤੀ ਭਾਈਚਾਰਿਆਂ ਦੇ ਲੋਕ ਅਸੁਰੱਖਿਆ ਦੇ ਮਾਹੌਲ ਵਿੱਚ ਜਿਊਂ ਰਹੇ ਹਨ। ਮੋਦੀ ਸਰਕਾਰ ਹੌਲੀ-ਹੌਲੀ ਹੀ ਸਹੀ, ਪਰ ਉਨ੍ਹਾਂ ਦੇ ਮੁੱਲਾਂ ਨੂੰ ਸਮਾਪਤ ਕਰ ਰਹੀ ਹੈ। ਇਸਦੀ ਕਿਸੇ ਵੀ ਲੋਕਤੰਤਰਿਕ ਪਾਰਟੀ ਨੂੰ ਰੱਖਿਆ ਕਰਨੀ ਚਾਹੀਦੀ ਹੈ।