ਚੰਡੀਗੜ੍ਹ: ਭਾਰਤੀ ਬੈਂਕਾਂ ਨੂੰ 9 ਹਜ਼ਾਰ ਕਰੋੜ ਰੁਪਏ ਦਾ ਖੋਰਾ ਲਾ ਕੇ ਫਰਾਰ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਕੱਲ੍ਹ ਭਾਰਤ ਤੇ ਇੰਗਲੈਂਡ ਵਿਚਾਲੇ ਪੰਜਵਾਂ ਟੈਸਟ ਮੈਚ ਵੇਖਣ ਲਈ ਓਵਲ ਸਟੇਡੀਅਮ ਪੁੱਜਾ। ਇਸ ਦੌਰਾਨ ਜਦੋਂ ਉਸ ਨੂੰ ਭਾਰਤ ਵਾਪਸੀ ਦਾ ਸਵਾਲ ਪੁੱਛਿਆ ਗਿਆ ਤਾਂ ਪਹਿਲਾਂ ਤਾਂ ਉਹ ਖਿੜਖਿੜਾ ਕੇ ਹੱਸਿਆ ਤੇ ਬਾਅਦ ਵਿੱਚ ਕਿਹਾ ਕਿ ਇਸ ਮਾਮਲੇ ਸਬੰਧੀ ਜੱਜ ਫੈਸਲਾ ਕਰੇਗਾ।

ਮਾਲਿਆ ਅੱਜਕਲ੍ਹ ਇੰਗਲੈਂਡ ਵਿੱਚ ਹੀ ਰਹਿ ਰਿਹਾ ਹੈ ਤੇ ਅਕਸਰ ਇੰਗਲੈਂਡ ਦੀਆਂ ਸੜਕਾਂ ’ਤੇ ਖੁੱਲ੍ਹੇਆਮ ਘੁੰਮਦਾ ਵੇਖਿਆ ਜਾਂਦਾ ਹੈ। ਕੱਲ੍ਹ ਵੀ ਉਸਨੂੰ ਸਫੈਦ ਟਰਾਊਜ਼ਰ, ਕਾਲ਼ੇ ਬਲੇਜ਼ਰ ਤੇ ਅੱਖਾਂ ’ਤੇ ਕਾਲ਼ਾ ਚਸ਼ਮਾ ਲਾਏ ਸਟੇਡੀਅਮ ਅੰਦਰ ਦਾਖ਼ਲ ਹੁੰਦਿਆਂ ਵੇਖਿਆ ਗਿਆ।

ਖ਼ਬਰ ਏਜੰਸੀ ANI ਨੇ ਭਗੌੜੇ ਵਿਜੈ ਮਾਲਿਆ ਦੀ ਵੀਡੀਓ ਵੀ ਜਾਰੀ ਕੀਤੀ ਹੈ। ਇਸ ਵਿੱਚ ਜਦੋਂ ਉਸਨੂੰ ਵਤਨ ਵਾਪਸੀ ਸਵਾਲ ਕੀਤਾ ਗਿਆ ਤਾਂ ਪਹਿਲਾਂ ਉਹ ਹੱਸਿਆ ਤੇ ਫਿਰ ਹੱਸਦਿਆਂ ਹੋਇਆਂ ਕਿਹਾ ਕਿ ਇਹ ਜੱਜ ਤੈਅ ਕਰਨਗੇ ਕਿ ਉਸਨੇ ਵਾਪਸ ਪਰਤਣਾ ਹੈ ਜਾਂ ਨਹੀਂ।


ਯਾਦ ਰਹੇ ਕਿ ਵਿਜੈ ਮਾਲਿਆ ਭਾਰਤ ਤੋਂ ਮਾਰਚ 2016 ਤੋਂ ਫਰਾਰ ਹੈ। ਉਸ ’ਤੇ ਭਾਰਤੀ ਬੈਂਕਾਂ ਦਾ 9 ਹਜ਼ਾਰ ਕਰੋੜ ਰੁਪਏ ਬਕਾਇਆ ਹੋਣ ਦਾ ਇਲਜ਼ਾਮ ਲੱਗਾ ਹੈ। ਭਾਰਤੀ ਅਦਾਲਤਾਂ ਤੇ ਕਾਨੂੰਨ ਏਜੰਸੀਆਂ ਵੱਲੋਂ ਵੱਖ-ਵੱਖ ਮਾਮਲਿਆਂ ਦੇ ਮੁਕੱਦਮਿਆਂ ਵਿੱਚ ਪੇਸ਼ ਹੋਣ ਦੇ ਸੰਮਣ ਦੇ ਬਾਵਜੂਦ ਉਹ ਲੰਦਨ ਵਿੱਚ ਰਹਿ ਰਿਹਾ ਹੈ।