ਨਵੀਂ ਦਿੱਲੀ: ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਨਰੇਂਦਰ ਮੋਦੀ ਨੂੰ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ। ਮਨਮੋਹਨ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ ਪੰਜ ਸਾਲ ਭਾਰਤ ਦੇ ਹਰ ਨੌਜਵਾਨ, ਕਿਸਾਨ, ਵਪਾਰੀ ਤੇ ਹਰ ਲੋਕਤੰਤਰਿਕ ਅਦਾਰੇ ਲਈ ਬੇਹੱਦ ਭਿਆਨਕ ਤੇ ਡਰਾਉਣੇ ਰਹੇ ਹਨ।
ਖ਼ਬਰ ਏਜੰਸੀ ਪੀਟੀਆਈ ਨੂੰ ਦਿੱਤੀ ਇੰਟਰਵਿਊ ਦੌਰਾਨ ਮਨਮੋਹਨ ਸਿੰਘ ਨੇ ਦੇਸ਼ ਵਿੱਚ ਮੋਦੀ ਲਹਿਰ ਹੋਣ ਦਾ ਸਿਰੇ ਤੋਂ ਖੰਡਨ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਇਸ ਸਰਕਾਰ ਨੂੰ ਸੱਤਾ ਵਿੱਚੋਂ ਬਾਹਰ ਕੀਤਾ ਜਾਵੇ। ਮਨਮੋਹਨ ਸਿੰਘ ਨੇ ਮੋਦੀ ਸਰਕਾਰ ਦੀ ਨੋਟਬੰਦੀ ਨੂੰ ਆਜ਼ਾਦ ਭਾਰਤ ਦਾ ਸਭ ਤੋਂ ਵੱਡਾ ਘਪਲਾ ਦੱਸਿਆ।
ਮਾਹਰ ਅਰਥ ਸ਼ਾਸਤਰੀ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੇ ਅਰਥਚਾਰੇ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਹੁਣ ਸਰਕਾਰ ਵੱਲੋਂ ਦਿਖਾਏ ਜਾ ਰਹੇ ਸਬਜ਼ਬਾਗ਼ਾਂ ਤੋਂ ਅੱਕ ਚੁੱਕੇ ਹਨ।
ਮਨਮੋਹਨ ਸਿੰਘ ਨੇ ਮੋਦੀ ਸਰਕਾਰ ਦੀ ਪਾਕਿਸਤਾਨ ਪ੍ਰਤੀ ਨੀਤੀ ਨੂੰ ਵੀ ਬੇਪਰਵਾਹਾਂ ਵਰਗੀ ਦੱਸਿਆ। ਉਨ੍ਹਾਂ ਕਿਹਾ ਕਿ ਮੋਦੀ ਬਿਨਾਂ ਸੱਦੇ ਪਾਕਿਸਤਾਨ ਚਲੇ ਜਾਂਦੇ ਹਨ ਤੇ ਉੱਥੇ ਪਾਪੀ ਆਈਐਸਆਈ ਨੂੰ ਪਠਾਨਕੋਟ ਹਵਾਈ ਬੇਸ 'ਤੇ ਹਮਲਾ ਕਰਨ ਦਾ ਸੱਦਾ ਦੇ ਆਉਂਦੇ ਹਨ। ਉਨ੍ਹਾਂ ਭਾਜਪਾ ਦੇ ਰਾਸ਼ਟਰਵਾਦ ਤੇ ਅੱਤਵਾਦ ਦੇ ਮੁੱਦੇ ਨੂੰ ਇਨ੍ਹਾਂ ਚੋਣਾਂ ਵਿੱਚ ਵਰਤਣ 'ਤੇ ਮੋਦੀ ਦੀ ਵਚਨਬੱਧਤਾ 'ਤੇ ਸਵਾਲ ਵੀ ਚੁੱਕੇ।
ਮਨਮੋਹਨ ਸਿੰਘ ਦਾ ਵੱਡਾ ਹਮਲਾ: ਮੋਦੀ ਦੇ 5 ਸਾਲ ਬੇਹੱਦ ਭਿਆਨਕ ਤੇ ਡਰਾਉਣੇ, ਉਸ ਨੂੰ ਬਾਹਰ ਕੱਢੋ
ਏਬੀਪੀ ਸਾਂਝਾ Updated at: 05 May 2019 07:28 PM (IST)