ਚੰਡੀਗੜ੍ਹ: ਹਰਿਆਣਾ ਵਿੱਚ ਕਿਸ ਦੀ ਸਰਕਾਰ ਬਣੇਗੀ, ਇਸ ਬਾਰੇ ਤਸਵੀਰ ਹੁਣ ਪੂਰੀ ਤਰ੍ਹਾਂ ਸਪੱਸ਼ਟ ਹੋ ਗਈ ਹੈ। ਭਾਰਤੀ ਜਨਤਾ ਪਾਰਟੀ ਸੂਬੇ ਵਿੱਚ ਇਕ ਵਾਰ ਫਿਰ ਸਰਕਾਰ ਬਣਾਉਣ ਜਾ ਰਹੀ ਹੈ। ਪਾਰਟੀ ਨੂੰ ਦੁਸ਼ਯੰਤ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ ਦਾ ਸਮਰਥਨ ਮਿਲਿਆ ਹੈ। ਅੱਜ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਇਕ ਵਾਰ ਫਿਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਦੁਸ਼ਯੰਤ ਚੌਟਾਲਾ ਰਾਜ ਦੇ ਉਪ ਮੁੱਖ ਮੰਤਰੀ ਹੋਣਗੇ। ਅੱਜ ਮਨੋਹਰ ਲਾਲ ਖੱਟਰ ਦੀਵਾਲੀ ਵਾਲੇ ਦਿਨ ਦੁਪਹਿਰ 2.15 ਵਜੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।
ਇਸ ਦੇ ਨਾਲ ਹੀ ਅੱਜ ਇਹ ਵੀ ਫੈਸਲਾ ਲਿਆ ਜਾਵੇਗਾ ਕਿ ਮੰਤਰੀ ਮੰਡਲ ਵਿੱਚ ਕਿਸ ਨੂੰ ਸ਼ਾਮਲ ਕੀਤਾ ਜਾਵੇਗਾ। ਕਿਆਸਰਾਈਆਂ ਅਨੁਸਾਰ ਅਨਿਲ ਵਿਜ ਤੇ ਬਨਵਾਰੀ ਲਾਲ ਤੋਂ ਇਲਾਵਾ ਕੁਝ ਨਵੇਂ ਚਿਹਰੇ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਹੋ ਸਕਦੇ ਹਨ।
ਖੱਟਰ ਨੇ ਦੱਸਿਆ ਕਿ ਬੀਜੇਪੀ ਦੇ 40, ਜੇਜੇਪੀ ਦੇ 10 ਤੇ ਸੱਤ ਆਜ਼ਾਦ ਵਿਧਾਇਕਾਂ ਸਮੇਤ ਕੁੱਲ 57 ਵਿਧਾਇਕਾਂ ਦੇ ਸਮਰਥਨ ਨਾਲ ਸੂਬੇ ਦੇ ਗਵਰਨਰ ਅੱਗੇ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕੀਤਾ ਗਿਆ ਹੈ। ਹਰਿਆਣਾ ਦੀ 90 ਮੈਂਬਰੀ ਵਿਧਾਨ ਸਭਾ ਵਿੱਚ ਬਹੁਮਤ ਲਈ 46 ਸੀਟਾਂ ਹੋਣੀਆਂ ਜ਼ਰੂਰੀ ਹਨ। ਖੱਟਰ ਨੇ ਦੱਸਿਆ ਕਿ ਹਰਿਆਣਾ ਦੇ ਰਾਜਪਾਲ ਨੇ ਸਾਨੂੰ ਐਤਵਾਰ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ।
ਬੀਜੇਪੀ ਨੇ ਹਾਲਾਂਕਿ ਕਿਹਾ ਹੈ ਕਿ ਉਹ ਸਰਕਾਰ ਬਣਾਉਣ ਲਈ ਵਿਵਾਦਤ ਆਗੂ ਅਤੇ ਸਿਰਸਾ ਤੋਂ ਵਿਧਾਇਕ ਗੋਪਾਲ ਕਾਂਡਾ ਦਾ ਸਮਰਥਨ ਨਹੀਂ ਮੰਗੇਗੀ, ਜੋ ਖੁਦਕੁਸ਼ੀ ਕਰਨ ਲਈ ਉਕਸਾਉਣ ਦੇ ਦੋ ਮਾਮਲਿਆਂ ਵਿੱਚ ਦੋਸ਼ੀ ਹੈ। ਵਿਧਾਇਕ ਦਲ ਦੀ ਬੈਠਕ ਵਿੱਚ ਇੱਥੇ ਭਾਜਪਾ ਦੇ ਜਨਰਲ ਸੱਕਤਰ ਅਰੁਣ ਸਿੰਘ ਨਾਲ ਮੌਜੂਦ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ, “ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਬੀਜੇਪੀ ਕਾਂਡਾ ਦਾ ਸਮਰਥਨ ਪ੍ਰਾਪਤ ਨਹੀਂ ਕਰ ਰਹੀ।”