ਅੰਮ੍ਰਿਤਸਰ: ਦੀਵਾਲੀ ਮੌਕੇ ਭਾਰਤ ਵੱਲੋਂ ਬੀਐਸਐਫ ਰਾਹੀਂ ਪਾਕਿਸਤਾਨੀ ਰੇਂਜਰਾਂ ਨੂੰ ਦਿੱਤੀ ਜਾਣ ਵਾਲੀ ਮਠਿਆਈ ਨੂੰ ਪਾਕਿਸਤਾਨ ਨੇ ਇਸ ਵਾਰ ਵੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਭਾਰਤ ਵੱਲੋਂ ਬੀਤੀ ਰਾਤ ਪਾਕਿਸਤਾਨੀ ਰੇਂਜਰਸ ਦੇ ਨਾਲ ਸੰਪਰਕ ਸਾਧਿਆ ਗਿਆ ਸੀ ਤੇ ਮਠਿਆਈ ਦੇਣ ਬਾਰੇ ਗੱਲ ਕਹੀ ਗਈ ਸੀ ਪਰ ਪਾਕਿਸਤਾਨ ਨੇ ਆਪਣੇ ਰੇਂਜਰਾਂ ਰਾਹੀਂ ਭਾਰਤੀ ਬੀਐਸਐਫ ਨੂੰ ਸੁਨੇਹਾ ਭਿਜਵਾਇਆ ਕਿ ਉਹ ਇਸ ਵਾਰ ਮਠਿਆਈ ਨਹੀਂ ਲੈਣਗੇ।


ਬੀਐਸਐਫ ਦੇ ਪੰਜਾਬ ਫਰੰਟੀਅਰ ਵੱਲੋਂ ਪੰਜਾਬ ਵਿੱਚ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੀਆਂ ਪੋਸਟਾਂ ਅਟਾਰੀ, ਹੁਸੈਨੀਵਾਲਾ (ਫਿਰੋਜਪੁਰ), ਸਾਦਿਕ( ਫਾਜਿਲਕਾ), ਡੇਰਾ ਬਾਬਾ ਨਾਨਕ ਤੇ ਗੁਰਦਾਸਪੁਰ 'ਤੇ ਪਾਕਿਸਤਾਨੀ ਰੇਂਜਰਾਂ ਦੇ ਨਾਲ ਸੰਪਰਕ ਕੀਤਾ ਗਿਆ ਸੀ। ਭਾਰਤ ਵੱਲੋਂ ਦੀਵਾਲੀ ਮੌਕੇ ਬੀਐਸਐਫ ਰਾਹੀਂ ਪਾਕਿਸਤਾਨੀ ਰੇਂਜਰਾਂ ਨੂੰ ਹਰ ਸਾਲ ਮਠਿਆਈ ਦਿੱਤੀ ਜਾਂਦੀ ਹੈ ਤੇ ਇਸੇ ਹੀ ਰਵਾਇਤ ਨੂੰ ਜਾਰੀ ਰੱਖਦੇ ਹੋਏ ਭਾਰਤ ਨੇ ਇਸ ਵਾਰ ਵੀ ਦੀਵਾਲੀ ਮੌਕੇ ਪਾਕਿਸਤਾਨ ਨੂੰ ਮਠਿਆਈ ਦੇਣ ਦਾ ਪ੍ਰੋਗਰਾਮ ਬਣਾਇਆ ਸੀ ਪਰ ਪਾਕਿਸਤਾਨ ਨੇ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ।


ਇੱਥੇ ਇਹ ਵੀ ਜ਼ਿਕਰਯੋਗ ਹੈ ਕੇ ਪਾਕਿਸਤਾਨ ਵੱਲੋਂ ਈਦ ਦੇ ਮੌਕੇ ਵੀ ਭਾਰਤ ਨੂੰ ਇਹੀ ਸੁਨੇਹਾ ਭੇਜਿਆ ਗਿਆ ਸੀ ਕਿ ਭਾਰਤ ਦੇ ਨਾਲ ਉਹ ਮਠਿਆਈ ਨਹੀਂ ਤਬਦੀਲ ਕਰਨਗੇ ਈਦ ਦੇ ਮੌਕੇ ਪਾਕਿਸਤਾਨ ਵੱਲੋਂ ਭਾਰਤ ਨੂੰ ਮਠਿਆਈ ਦਿੱਤੀ ਜਾਂਦੀ ਹੈ ਅਤੇ ਦੀਵਾਲੀ ਮੌਕੇ ਪਾਕਿਸਤਾਨੀ ਰੇਂਜਰਸ ਭਾਰਤ ਦੇ ਨਾਲ ਪੁਰਾਣੀ ਪਰੰਪਰਾ ਦੇ ਚੱਲਦੇ ਮਠਿਆਈ ਭਾਰਤ ਦੇ ਨਾਲ ਸਾਂਝੀ ਕਰਦਾ ਹੈ।


ਪਰ ਹੁਣ ਜੰਮੂ ਕਸ਼ਮੀਰ ਸੂਬੇ ਦੇ ਵਿੱਚ ਭਾਰਤ ਵੱਲੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿੱਚ ਚੱਲ ਰਹੇ ਤਣਾਅ ਭਰੇ ਸਬੰਧਾਂ ਦੇ ਕਾਰਨ ਪਾਕਿਸਤਾਨ ਨੇ ਇਸ ਪਰੰਪਰਾ ਤੋਂ ਆਪਣੇ ਪੈਰ ਪਿੱਛੇ ਖਿੱਚ ਲਏ ਸਨ ਜੋ ਹਾਲੇ ਵੀ ਬਰਕਰਾਰ ਹਨ ਤੇ ਪਾਕਿਸਤਾਨ ਖੁਸ਼ੀਆਂ ਦੇ ਮੌਕੇ 'ਤੇ ਭਾਰਤ ਦੇ ਨਾਲ ਮਠਿਆਈ ਸਾਂਝੀ ਨਹੀਂ ਕਰ ਰਿਹਾ।