ਨਵੀਂ ਦਿੱਲੀ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਦੇਸ਼ ਦੀ ਕੌਮੀ ਰਾਜਧਾਨੀ ਵਿੱਚ ਮੋਦੀ ਸਰਕਾਰ ਵੱਲੋਂ ਲਾਏ ਗਏ ਵਸਤੂ ਤੇ ਸੇਵਾ ਕਰ ਨੂੰ ਰੱਦ ਕਰਦਿਆਂ ਕਾਂਗਰਸ ਦਾ ਆਪਣਾ ਨਵਾਂ ਜੀਐਸਟੀ ਕਰ ਲਿਆਉਣ ਦਾ ਐਲਾਨ ਕੀਤਾ ਹੈ। ਬਾਦਲ ਮੁਤਾਬਕ ਮੌਜੂਦਾ ਜੀਐਸਟੀ ਮੁਸ਼ਕਲਾਂ ਭਰਿਆ ਹੈ।
ਵਿੱਤ ਮੰਤਰੀ ਮੁਤਾਬਕ ਜੇਕਰ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਯੂਪੀਏ ਦੀ ਸਰਕਾਰ ਬਣਦੀ ਹੈ ਤਾਂ ਉਹ ਨਵਾਂ ਜੀਐਸਟੀ ਲੈ ਕੇ ਆਉਣਗੇ। ਮਨਪ੍ਰੀਤ ਬਾਦਲ ਨੇ ਇਸ ਨੂੰ ਜੀਐਸਟੀ-2 ਦਾ ਨਾਂ ਦਿੱਤਾ। ਬਾਦਲ ਨੇ ਕਿਹਾ ਕਿ ਮੋਦੀ ਸਰਕਾਰ ਦੇ ਜੀਐਸਟੀ ਤੋਂ ਲੋਕਾਂ ਨੂੰ ਬੇਹੱਦ ਸਮੱਸਿਆਵਾਂ ਹਨ ਜਦਕਿ ਉਨ੍ਹਾਂ ਦਾ ਜੀਐਸਟੀ ਦੇਸ਼ ਦੀ ਅਰਥਵਿਵਸਥਾ ਬਦਲ ਦੇਵੇਗਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜੀਐਸਟੀ-2 ਲੋਕਾਂ ਲਈ ਸਹੂਲਤ ਵਾਲਾ ਹੋਵੇਗਾ।
ਪੰਜਾਬ ਵਿੱਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ 'ਤੇ ਅਕਾਲੀਆਂ ਵੱਲੋਂ ਕਾਲਖ਼ ਮਲਣ ਦੀ ਘਟਨਾ ਦੀ ਵੀ ਨਿੰਦਾ ਕੀਤੀ। ਉਨ੍ਹਾਂ ਗਾਂਧੀ ਪਰਿਵਾਰ ਦੇ ਕਸੀਦੇ ਪੜ੍ਹਦਿਆਂ ਕਿਹਾ ਕਿ ਰਾਜੀਵ ਗਾਂਧੀ ਦੇ ਬੁੱਤ ਨਾਲ ਜੋ ਹੋਇਆ ਉਹ ਛੋਟੀ ਸੋਚ ਦਾ ਨਤੀਜਾ ਹੈ ਤੇ ਕਾਂਗਰਸ ਤੇ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ ਇਸ ਹਰਕਤ ਨਾਲ ਕੋਈ ਫਰਕ ਨਹੀਂ ਪਵੇਗਾ। ਬਾਦਲ ਨੇ ਅਕਾਲੀਆਂ ਨੂੰ ਲਾਹਨਤ ਪਾਉਂਦਿਆਂ ਕਿਹਾ ਕਿ ਹੋਥੀ ਸਿਆਸਤ ਦਾ ਕੋਈ ਫਾਇਦਾ ਨਹੀਂ ਸਗੋਂ ਇੰਦਰਾ ਗਾਂਧੀ ਵਾਂਗ ਕਰਨੀ ਚਾਹੀਦੀ ਹੈ, ਜੋ ਦੇਸ਼ ਲਈ ਸ਼ਹੀਦ ਹੋਏ ਪਰ ਤਰੱਕੀ ਦੇ ਨਵੇਂ ਰਾਹ ਖੋਲ੍ਹੇ।