ਨਵੀਂ ਦਿੱਲੀ: ਚੋਣਾਂ ਦੇ ਮੌਸਮ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹਰ ਇੱਕ ਰੈਲੀ ‘ਚ ਸਰਜੀਕਲ ਸਟ੍ਰਾਈਕ ਤੇ ਏਅਰ ਸਟ੍ਰਾਈਕ ਦੀ ਗੱਲ ਕਰਦੇ ਹਨ। ਇਸ ਤੋਂ ਬਾਅਦ ਅੱਜ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੋਦੀ ਸਰਕਾਰ ‘ਤੇ ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਸਵਾਲ ਚੁੱਕੇ ਹਨ। ਇਸ ਦੇ ਨਾਲ ਹੀ ਮਨਮੋਹਨ ਸਿੰਘ ਨੇ ਕਿਹਾ ਕਿ ਸਾਡੇ ਸਮੇਂ ‘ਚ ਕਈ ਸਰਜੀਕਲ ਸਟ੍ਰਾਈਕ ਕੀਤੇ ਗਏ ਸੀ ਪਰ ਕਦੇ ਰੌਲਾ ਨਹੀਂ ਪਾਇਆ।

ਇਸ ਤੋਂ ਅੱਗੇ ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਨੇ ਆਈਈਡੀ ਹਮਲੇ ਬਾਰੇ ਠੋਸ ਖੁਫੀਆ ਜਾਣਕਾਰੀਆਂ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ। ਇਸ ਕਰਕੇ ਹੀ ਪੁਲਵਾਮਾ ਹਮਲਾ ਹੋਇਆ। ਉਨ੍ਹਾਂ ਕਿਹਾ, “ਪਿਛਲੇ ਪੰਜ ਸਾਲਾਂ ‘ਚ ਪੰਪੋਰ, ਉੜੀ, ਪਠਾਨਕੋਟ, ਗੁਰਦਾਸਪੁਰ, ਸੁੰਜਵਾਨ ਆਰਮੀ ਕੈਂਪਾਂ ਨੂੰ ਅੱਤਵਾਦੀਆਂ ਨੇ ਵਾਰ-ਵਾਰ ਨਿਸ਼ਾਨਾ ਬਣਾਇਆ ਤੇ ਅਮਰਨਾਥ ਯਾਤਰਾ ‘ਤੇ ਵੀ ਹਮਲਾ ਕੀਤਾ।”

ਸਿੰਘ ਨੇ ਅੱਗੇ ਕਿਹਾ ਕਿ ਪਠਾਨਕੋਟ ਅੱਤਵਾਦੀ ਹਮਲੇ ਦੀ ਜਾਂਚ ਲਈ ਆਈਐਸਆਈ ਨੂੰ ਬੁਲਾਉਣਾ ਮੋਦੀ ਦੀ ਸਭ ਤੋਂ ਵੱਡੀ ਗਲਤੀ ਸੀ। ਇਸ ਨਾਲ ਹੀ ਉਨ੍ਹਾਂ ਕਿਹਾ, “ਯਾਦ ਰਹਿਣਾ ਚਾਹੀਦਾ ਹੈ ਕਿ ਸਾਡੀ ਫੌਜ ਨੂੰ ਹਮੇਸ਼ਾਂ ਤੋਂ ਹੀ ਹਰ ਖ਼ਤਰੇ ਦਾ ਜਵਾਬ ਦੇਣ ਦੀ ਖੁੱਲ੍ਹੀ ਛੁੱਟੀ ਹੈ। ਕਈ ਸਰਜੀਕਲ ਸਟ੍ਰਾਈਕ ਸਾਡੇ ਸਮੇਂ ‘ਚ ਵੀ ਹੋਈਆਂ।” ਮਨਮੋਹਨ ਨੇ 1965 ਤੇ 1971 ਦੀ ਜੰਗ ਦਾ ਜ਼ਿਕਰ ਵੀ ਕੀਤਾ ਤੇ ਕਿਹਾ ਕਿ ਨਾ ਹੀ ਇੰਦਰਾ ਗਾਂਧੀ ਤੇ ਨਾ ਹੀ ਲਾਲ ਬਹਾਦੁਰ ਸ਼ਾਸਤਰੀ ਨੇ ਜੰਗ ਜਿੱਤਣ ਦਾ ਕ੍ਰੈਡਿਟ ਲਿਆ।