ਚੰਡੀਗੜ੍ਹ: ਮਾਰਕਫੈੱਡ ਆਪਣੇ ਉਤਪਾਦਾਂ ਦੀ ਵਿਕਰੀ ਲਈ ਗੁਜਰਾਤ ਦੇ ਵਡੋਦਰਾ ਤੋਂ ਬਾਅਦ ਹੋਰ ਕਦਮ ਵਧਾਉਂਦਿਆਂ ਹੁਣ ਮਹਾਂਰਾਸ਼ਟਰ ਵਿੱਚ ਵੀ ਆਪਣੇ ਉਤਪਾਦਾਂ ਦੇ ਵਿਕਰੀ ਕੇਂਦਰ ਸਥਾਪਤ ਕਰਨ ਜਾ ਰਿਹਾ ਹੈ। ਇਸ ਸਬੰਧੀ ਅੱਜ ਮੁੰਬਈ ਵਿਖੇ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਮਹਾਰਾਸ਼ਟਰ ਦੇ ਸਹਿਕਾਰਤਾ ਤੇ ਟੈਕਸਟਾਈਲ ਮੰਤਰੀ ਸੁਭਾਸ਼ ਦੇਸ਼ਮੁੱਖ ਦੀ ਹਾਜ਼ਰੀ ਵਿੱਚ ਮਾਰਕਫੈਡ ਅਤੇ ਮਹਾਂਰਾਸ਼ਟਰ ਦੇ ਸਹਿਕਾਰੀ ਅਦਾਰਿਆਂ 'ਚ ਤਿੰਨ ਸਮਝੌਤਿਆਂ ਤੇ ਦਸਤਖਤ ਕੀਤੇ ਗਏ।
ਦੋਵਾਂ ਸੂਬਿਆਂ ਦੇ ਸਹਿਕਾਰਤਾ ਵਿਭਾਗ ਦੇ ਉਚ ਅਧਿਕਾਰੀਆਂ ਦੀ ਮੈਰਾਥਨ ਮੀਟਿੰਗ ਦੌਰਾਨ ਸੰਬਧੋਨ ਕਰਦਿਆਂ ਪੰਜਾਬ ਦੇ ਸਹਿਕਾਰਤਾ ਮੰਤਰੀ ਰੰਧਾਵਾ ਨੇ ਕਿਹਾ ਕਿ ਕਿਸਾਨੀ ਦੋਵਾਂ ਸੂਬਿਆਂ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ ਅਤੇ ਜੇਕਰ ਕਿਸਾਨੀ ਨੂੰ ਮੁੜ ਪੈਰਾਂ ਸਿਰ ਕਰਨਾ ਹੈ ਤਾਂ ਪੰਜਾਬ ਤੇ ਮਹਾਂਰਾਸ਼ਟਰ ਨੂੰ ਮਿਲ ਕੇ ਸਾਂਝੀ ਸਹਿਕਾਰਤਾ ਲਹਿਰ ਸ਼ੁਰੂ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਦੋਵੇਂ ਸੂਬੇ ਸਹਿਕਾਰਤਾ ਖੇਤਰ ਵਿੱਚ ਦੇਸ਼ ਦੀ ਅਗਵਾਈ ਕਰਨ ਦੀ ਸਮਰੱਥਾ ਰੱਖਦੇ ਹਨ।
ਇਸ ਮੌਕੇ ਰੰਧਾਵਾ ਨੇ ਆਪਣੇ ਹਮਰੁਤਬਾ ਦੇਸ਼ਮੁੱਖ ਨੂੰ ਨਵੰਬਰ ਮਹੀਨੇ ਪੰਜਾਬ ਵਿੱਚ ਸਹਿਕਾਰਤਾ ਸਪਤਾਹ ਮੌਕੇ ਮੁੱਖ ਮਹਿਮਾਨ ਵਜੋਂ ਆਉਣ ਦਾ ਸੱਦਾ ਦਿੱਤਾ ਜਿਸ ਨੂੰ ਉਨ੍ਹਾਂ ਸਵੀਕਾਰ ਕਰ ਲਿਆ।
ਇਸ ਮੌਕੇ ਮਹਾਰਾਸ਼ਟਰ ਦੇ ਸਹਿਕਾਰਤਾ ਮੰਤਰੀ ਦੇਸ਼ਮੁੱਖ ਨੇ ਮਾਰਕਫੈੱਡ ਨੂੰ ਸੂਬੇ ਦੇ ਸਾਰੇ 35 ਜ਼ਿਲ੍ਹਿਆ ਵਿੱਚ ਆਪਣੇ ਉਤਪਾਦਾਂ ਦੀ ਵਿਕਰੀ ਕਰਨ ਦਾ ਸੱਦਾ ਦਿੱਤਾ ਅਤੇ ਨਾਲ ਹੀ ਕਿਹਾ ਕਿ ਮਹਾਂਰਾਸ਼ਟਰ ਮਾਰਕਫੈਡ ਵੱਲੋਂ ਤਿਆਰ ਕੀਤੇ ਜਾਂਦੇ ਉਤਪਾਦ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਵੇਚੇ ਜਾਣ। ਉਨ੍ਹਾਂ ਪੰਜਾਬ ਦੇ ਸਹਿਕਾਰਤਾ ਮੰਤਰੀ ਵੱਲੋਂ ਵਫਦ ਸਮੇਤ ਦੁਵੱਲੀ ਗੱਲਬਾਤ ਲਈ ਮੁੰਬਈ ਆਉਣ 'ਤੇ ਸਵਾਗਤ ਕਰਦਿਆਂ ਕਿਹਾ ਕਿ ਇਹ ਪਹਿਲ ਸਹਿਕਾਰਤਾ ਖੇਤਰ ਨੂੰ ਬਹੁਤ ਅੱਗੇ ਲੈ ਕੇ ਜਾਵੇਗੀ।
ਇਸ ਤੋਂ ਬਾਅਦ ਦੋਵਾਂ ਸੂਬਿਆਂ ਦੇ ਸਹਿਕਾਰਤਾ ਮੰਤਰੀਆਂ ਨੇ ਸਾਂਝਾ ਪ੍ਰੋਗਰਾਮ ਜਾਰੀ ਕਰਦਿਆਂ ਦੱਸਿਆ ਕਿ ਆਉਂਦੇ ਦੋ ਮਹੀਨਿਆਂ ਵਿੱਚ ਸ਼ੋਲਾਪੁਰ, ਨਾਗਪੁਰ ਤੇ ਮੁੰਬਈ ਵਿੱਚ ਮਾਰਕਫੈੱਡ ਦੇ ਵਿਕਰੀ ਕੇਂਦਰ ਸਥਾਪਿਤ ਕੀਤੇ ਜਾਣਗੇ ਜਿੱਥੇ ਮਾਰਕਫੈਡ ਦੇ ਉਤਪਾਦਾਂ ਦੀ ਵਿਕਰੀ ਹੋਵੇਗੀ ਅਤੇ ਦੋ ਮਹੀਨਿਆਂ ਅੰਦਰ ਪੰਜਾਬ 'ਚ ਪਹਿਲੇ ਪੜਾਅ 'ਚ ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ ਵਿੱਚ ਮਾਰਕਫੈੱਡ ਦੇ ਵਿਕਰੀ ਕੇਂਦਰਾਂ ਤੇ ਮਹਾਰਾਸ਼ਟਰ ਦੇ ਤਿੰਨੋ ਮਾਰਕਫੈਡ ਅਦਾਰਿਆਂ ਦੇ ਉਤਪਾਦ ਵੇਚੇ ਜਾਣਗੇ।