ਬੰਗਲੌਰ: ਵਿਆਹਾਂ ਦੇ ਇਸ ਮੌਸਮ ਵਿੱਚ ਜਿੱਥੇ ਲੋਕ ਪੈਸੇ ਲਈ ATMs ਤੇ ਬੈਂਕ ਦੇ ਬਾਹਰ ਖੜ੍ਹੇ ਹੋਣ ਲਈ ਮਜਬੂਰ ਹਨ, ਉੱਥੇ ਅਨੋਖੇ ਵਿਆਹ ਦੇ ਵੀ ਚਰਚੇ ਹਨ। ਅਨੋਖਾ ਇਸ ਲਈ ਕਿਉਂਕਿ ਇਹ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਵਿਆਹ ਮੰਨਿਆ ਜਾ ਰਿਹਾ ਹੈ। ਇਹ ਵਿਆਹ ਹੈ, ਮਾਈਨਿੰਗ ਘੁਟਾਲੇ ਵਿੱਚ ਤਿੰਨ ਸਾਲ ਦੀ ਸਜ਼ਾ ਕੱਟ ਰਹੇ ਕਰਨਾਟਕ ਦੇ ਸਾਬਕਾ ਮੰਤਰੀ ਜਨਾਰਧਨ ਰੈਡੀ ਦੀ ਬੇਟੀ ਦਾ। ਦੱਸਿਆ ਜਾ ਰਿਹਾ ਹੈ ਕਿ ਇਸ ਵਿਆਹ ਉਤੇ ਕਰੀਬ 500 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਪੰਜ ਦਿਨ ਤੱਕ ਚੱਲਣ ਵਾਲੇ ਇਸ ਵਿਆਹ ਵਿੱਚ ਦੇਸ਼-ਵਿਦੇਸ਼ ਤੋਂ ਮਹਿਮਾਨ ਆਉਣਗੇ।
ਮਹਿਮਾਨਾਂ ਨੂੰ ਵਿਆਹ ਦੇ ਪੰਡਾਲ ਤੱਕ ਲੈ ਕੇ ਆਉਣ ਲਈ ਲਗਜ਼ਰੀ ਬੈਲ ਗੱਡੀਆਂ ਤਿਆਰ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਫ਼ਿਲਮਾਂ ਵਾਂਗ ਵਿਆਹ ਦੇ ਪੰਡਾਲ ਦੇ ਕਈ ਸੈੱਟ ਤਿਆਰ ਕੀਤੇ ਗਏ ਹਨ। ਇਨ੍ਹਾਂ ਸੈੱਟਾਂ ਵਿੱਚ ਇੱਕ ਪੂਰਾ ਪਿੰਡ ਬਣਾਇਆ ਗਿਆ ਹੈ ਜਿਸ ਵਿੱਚ ਇੱਕ ਪ੍ਰਦਰਸ਼ਨੀ, ਇੱਕ ਮਹਿਲ ਤੇ ਹੱਪੀ ਦੇ ਮਸ਼ਹੂਰ ਰੱਥ ਦਾ ਮਾਡਲ ਤਿਆਰ ਕੀਤਾ ਗਿਆ ਹੈ।
ਜਿਸ ਥਾਂ ਉਤੇ ਮਹਿਮਾਨਾਂ ਦੇ ਖੀਣ-ਪੀਣ ਦਾ ਪ੍ਰਬੰਧ ਕੀਤਾ ਗਿਆ ਹੈ, ਉਹ ਥਾਂ ਵੱਖਰੀ ਤੌਰ ਉਤੇ ਤਿਆਰ ਕੀਤੀ ਗਈ ਹੈ। ਮੀਡੀਆ ਵਿੱਚ ਖ਼ਬਰਾਂ ਆਉਣ ਤੋਂ ਬਾਅਦ ਵਿਆਹ ਵਾਲੇ ਪੰਡਾਲ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਸੁਰੱਖਿਆ ਦੇ ਚੱਲਦੇ ਹੁਣ ਮੀਡੀਆ ਨੂੰ ਪੰਡਾਲ ਤੋਂ ਦੂਰ ਰੱਖਿਆ ਜਾ ਰਿਹਾ ਹੈ। ਮਹਿੰਗੇ ਵਿਆਹ ਦੇ ਚਰਚੇ ਹੋਣ ਕਾਰਨ ਸੂਬੇ ਦਾ ਆਮਦਨ ਕਰ ਵਿਭਾਗ ਵੀ ਇਸ ਉੱਤੇ ਨਜ਼ਰ ਰੱਖ ਰਿਹਾ ਹੈ।
ਹੁਣ ਗੱਲ ਜਨਾਰਧਨ ਰੈਡੀ ਦੀ। ਰੈਡੀ ਕਰਨਾਟਕ ਦੇ ਸਭ ਤੋਂ ਅਮੀਰ ਸ਼ਖ਼ਸੀਅਤਾਂ ਵਿੱਚੋਂ ਇੱਕ ਹਨ। ਗੈਰ ਕਾਨੂੰਨੀ ਤਰੀਕੇ ਨਾਲ ਮਾਈਨਿੰਗ ਕਰਵਾਉਣ ਦੇ ਦੋਸ਼ ਵਿੱਚ ਉਨ੍ਹਾਂ ਨੂੰ ਤਿੰਨ ਸਾਲ ਦੀ ਸਜ਼ਾ ਹੋਈ ਹੈ। ਵਿਆਹ ਕਰਕੇ ਅੱਜ-ਕੱਲ੍ਹ ਉਹ ਜ਼ਮਾਨਤ ਉੱਤੇ ਬਾਹਰ ਆਏ ਹਨ। ਬੀਜੇਪੀ ਦੀ ਯੇਦੂਰੱਪਾ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਜਨਾਰਧਨ ਰੈਡੀ ਕਰਨਾਟਕ ਵਿੱਚ ਬੇਲਲਾਰੀ ਬ੍ਰਦਰਜ਼ ਦੇ ਨਾਮ ਨਾਲ ਮਸ਼ਹੂਰ ਹਨ।