ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਨੇ ਦੋ ਦਹਾਕਿਆਂ 'ਚ ਭਾਰਤ 'ਚ ਪਹਿਲੀ ਐਂਟਰੀ ਲੈਵਲ ਕਾਰ ਪੇਸ਼ ਕਰਨ ਦੀ ਯੋਜਨਾ ਬਣਾਈ ਹੈ। ਕੰਪਨੀ ਮੁਤਾਬਕ ਪੇਂਡੂ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ 'ਚ ਅਜਿਹੇ ਵਾਹਨਾਂ ਦੀ ਮੰਗ ਵਧ ਸਕਦੀ ਹੈ।


Y1K ਕੋਡ ਦੇ ਨਾਂ ਦੀ ਭਾਰਤ 'ਚ ਬਣਾਈ ਗਈ ਇਹ ਕਾਰ ਰੋਹਤਕ 'ਚ ਕੰਪਨੀ ਦੇ ਨਵੇਂ ਖੋਜ ਤੇ ਵਿਕਾਸ ਕੇਂਦਰ 'ਚ ਬਣ ਰਹੀ ਹੈ। ਇੱਕ ਖ਼ਬਰ ਮੁਤਾਬਕ ਮਾਰੂਤੀ ਦਾ ਨਵਾਂ ਉਤਪਾਦ 800 ਸੀਸੀ ਤੇ 1,000 ਸੀਸੀ ਪੈਟਰੋਲ ਇੰਜਣ ਨਾਲ ਪੇਸ਼ ਹੋਵੇਗਾ। ਹਾਲਾਂਕਿ 2020 ਰੈਗੂਲੇਟਰੀ ਮਾਪਦੰਡਾਂ ਨਾਲ ਇਸ ਨੂੰ ਬਜ਼ਾਰ 'ਚ ਲਿਆਉਣਾ ਵੱਡੀ ਚੁਣੌਤੀ ਹੋਵੇਗੀ।


ਸੂਤਰਾਂ ਮੁਤਾਬਕ ਇਹ ਕਾਰ ਭਾਰਤ 'ਚ ਨਵਾਂ ਬੈਂਚਮਾਰਕ ਕਾਇਮ ਕਰ ਸਕਦੀ ਹੈ। ਹਾਲਾਂਕਿ ਅਜੇ ਤੱਕ ਕਾਰ ਦੇ ਸਾਈਜ਼ 'ਤੇ ਕੀਮਤ ਦਾ ਖੁਲਾਸਾ ਨਹੀਂ ਹੋ ਸਕਿਆ। ਮਾਰੂਤੀ ਸੁਜ਼ੂਕੀ ਦੇ ਬੁਲਾਰੇ ਨੇ ਭਵਿੱਖ ਦੇ ਉਤਪਾਦਾਂ 'ਤੇ ਟਿੱਪਣੀ ਕਰਨ ਤੋਂ ਮਨ੍ਹਾ ਕਰ ਦਿੱਤਾ। ਮਾਰੂਤੀ ਦੀ ਨਵੀਂ ਐਂਟਰੀ ਲੈਵਲ ਕਾਰ ਉਸ ਸਮੇਂ ਪੇਸ਼ ਹੋ ਰਹੀ ਹੈ ਜਦੋਂ ਬਾਜ਼ਾਰ 'ਚ ਅਜਿਹੀਆਂ ਛੋਟੀਆਂ ਕਾਰਾਂ ਘੱਟ ਰਹੀਆਂ ਹਨ।


ਅਲਟੋ ਤੇ ਇਓਨ ਜਿਹੀਆਂ ਛੋਟੀਆਂ ਕਾਰਾਂ ਦਾ ਹਿੱਸਾ 31 ਮਾਰਚ, 2018 ਨੂੰ ਸਮਾਪਤ ਵਿੱਤੀ ਸਾਲ 'ਚ 35 ਫੀਸਦੀ ਤੋਂ ਘੱਟ ਕੇ 18 ਫੀਸਦੀ ਰਹਿ ਗਿਆ ਹੈ। ਟਾਟਾ ਦੀ ਨੈਨੋ ਦੀ ਅਸਫਲਤਾ ਨੂੰ ਵੀ ਇਸ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ ਜੋ ਲਗਪਗ ਬੰਦ ਹੋਣ ਦੀ ਹਾਲਤ 'ਚ ਹੈ।


ਇਹ ਵੀ ਕਿਹਾ ਜਾ ਰਿਹਾ ਹੈ ਕਿ ਮਾਰੂਤੀ ਦੀ ਨਵੀਂ ਐਂਟਰੀ ਲੈਵਲ ਕਾਰ ਨੂੰ ਅਲਟੋ ਤੇ ਵੈਗਨ ਦੇ ਵਿਚਾਲੇ ਰੱਖਿਆ ਜਾਵੇਗਾ। ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਕੇਨਿਚੀ ਅਇਕਾਵਾ ਨੇ ਦੱਸਿਆ ਕਿ ਮਾਰੂਤੀ ਦੀਆਂ ਛੋਟੀਆਂ ਕਾਰਾਂ ਉਸ ਲਈ ਖ਼ਾਸ ਰਹਿਣਗੀਆਂ ਭਾਵੇਂ ਜਾਪਾਨੀ ਕੰਪਨੀ ਦੀ ਮੱਧ ਆਕਾਰ ਦੀ ਐਸਯੂਵੀ ਤੇ ਸਿਡਾਨ ਕਾਰਾਂ ਨੇ ਬੀਤੇ ਦੋ ਸਾਲਾਂ 'ਚ ਮਾਰਜ਼ਨ ਤੇ ਮੁਨਾਫਾ ਵਧ ਕਮਾਇਆ ਹੈ।